ਮੁੰਬਈ (ਬਿਊਰੋ)— ਦਿਗਜ ਅਭਿਨੇਤਰੀ ਰੀਮਾ ਲਾਗੂ ਦਾ 18 ਮਈ 2017 ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਰੀਮਾ ਲਾਗੂ ਨੇ ਆਪਣੇ ਕਰੀਅਰ ਦੌਰਾਨ ਕਈ ਫਿਲਮਾਂ ਅਤੇ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਸੀ। ਫਿਲਮੀ ਪਰਦੇ 'ਤੇ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਇਕ ਵਾਰ ਫਿਲਮੀ ਸੀਨ ਦੌਰਾਨ ਘਬਰਾ ਗਈ ਸੀ। ਦਰਸਅਲ, ਫਿਲਮ 'ਵਾਸਤਵ' ਦੇ ਇਕ ਹਿੱਟ ਸੀਨ ਦੌਰਾਨ ਰੀਮਾ ਘਬਰਾ ਗਈ ਸੀ। ਇਸ ਸੀਨ 'ਚ ਰੀਮਾ ਸੰਜੇ ਦੱਤ ਨੂੰ ਗੋਲੀ ਮਾਰਦੀ ਹੈ। ਇਸ ਸੀਨ ਦੇ ਅੰਤ 'ਚ ਜਦੋਂ ਰੀਮਾ ਆਪਣੇ ਤੜਪਦੇ ਹੋਏ ਬੇਟੇ ਦੀ ਅਪੀਲ 'ਤੇ ਆਪਣੇ ਹੱਥਾਂ ਨਾਲ ਉਸਦੇ ਸੀਨੇ 'ਚ ਗੋਲੀਆਂ ਮਾਰ ਦਿੰਦੀ ਹੈ। ਫਿਲਮ ਦੇ ਇਸ ਸੀਨ ਨੂੰ ਦੇਖ ਲੋਕਾਂ ਕਾਫੀ ਭਾਵੁਕ ਹੋਏ ਸਨ। ਫਿਲਮ ਦੀ ਸਫਲਤਾ ਤੋਂ ਬਾਅਦ ਇਕ ਇੰਟਰਵਿਊ 'ਚ ਰੀਮਾ ਨੇ ਕਿਹਾ ਸੀ ਕਿ ਇਹ ਕਿਰਦਾਰ ਅਤੇ ਫਿਲਮ ਦਾ ਕਲਾਈਮੈਕਸ ਬਹੁਤ ਹੀ ਮੁਸ਼ਕਲ ਸੀ, ਜਿਸ ਪਿਸਤੌਲ ਨਾਲ ਉਹ ਸੰਜੇ ਦੱਤ ਨੂੰ ਗੋਲੀ ਮਾਰਦੀ ਹੈ। ਅਸਲ 'ਚ ਉਸ ਨੂੰ ਉਸਦੇ ਭਾਰ ਦਾ ਅੰਦਾਜ਼ਾ ਨਹੀਂ ਸੀ ਅਤੇ ਜਦੋਂ ਸੰਜੇ ਦੱਤ ਨੇ ਉਨ੍ਹਾਂ ਨੂੰ ਸ਼ੂਟ ਕਰਨ ਲਈ ਪਿਸਤੌਲ ਫੜਾਈ ਤਾਂ ਉਹ ਘਬਰਾ ਗਈ ਸੀ। ਰੀਮਾ ਲਾਗੂ ਨੂੰ ਬਚਪਨ ਤੋਂ ਹੀ ਅਦਾਕਾਰੀ 'ਚ ਦਿਲਚਸਪੀ ਸੀ। ਰੀਮਾ 'ਚ ਅਦਾਕਾਰੀ ਦਾ ਅਜਿਹਾ ਜਾਨੂੰਨ ਸੀ ਕਿ ਉਨ੍ਹਾਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਦੇ ਹੀ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਲਿਆ। ਹਾਲਾਂਕਿ ਰੀਮਾ ਦੇ ਪਰਿਵਾਰ ਵਾਲੇ ਉਸਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਹਨ ਪਰ ਰੀਮਾ 'ਤੇ ਅਦਾਕਾਰੀ ਦਾ ਜਾਨੂੰਨ ਕੁਝ ਜ਼ਿਆਦਾ ਹੀ ਸੀ ਅਤੇ ਉਨ੍ਹਾਂ ਮਾਮਲੇ 'ਚ ਕਿਸੇ ਦੀ ਨਹੀਂ ਸੁਣੀ। ਇਸ ਲਈ ਉਨ੍ਹਾਂ ਦੇ ਘਰ ਦਾ ਮਾਹੌਲ ਹੀ ਜ਼ਿਮੇਵਾਰ ਸੀ। ਦਰਸਅਲ, ਰੀਮਾ ਦੀ ਮਾਂ ਮੰਦਾਕਿਨੀ ਭਦਭੜੇ ਮਰਾਠੀ ਅਦਾਕਾਰਾ ਸੀ, ਜੋ ਥੀਏਟਰ ਅਤੇ ਮਰਾਠੀ ਫਿਲਮਾਂ 'ਚ ਕੰਮ ਕਰਦੀ ਸੀ। ਦੱਸਣਯੋਗ ਹੈ ਕਿ ਰੀਮਾ ਨੇ ਆਪਣੇ ਕਰੀਅਰ 'ਚ 95 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। 'ਤੂੰ ਤੂੰ ਮੈਂ ਮੈਂ' ਅਤੇ 'ਸ਼੍ਰੀਮਾਨ ਸ਼੍ਰੀਮਤੀ' ਵਰਗੇ ਸ਼ੋਅ ਨਾਲ ਰੀਮਾ ਛੋਟੇ ਪਰਦੇ 'ਤੇ ਕਾਫੀ ਲੋਕਪ੍ਰਿਯ ਹੋਈ ਸੀ।