FacebookTwitterg+Mail

ਰੇਸ਼ਮ ਸਿੰਘ ਅਨਮੋਲ ਤੇ ਉਨ੍ਹਾਂ ਦੇ ਦੋ ਭਰਾਵਾਂ ਨੇ ਕੀਤਾ ਆਪਣੀ ਮਾਂ ਦਾ ਸੁਪਨਾ ਪੂਰਾ, ਪਿੰਡ 'ਚ ਬਣਾਇਆ ਗੁਰਦੁਆਰਾ

resham singh anmol
22 April, 2017 05:08:05 PM
ਜਲੰਧਰ— 'ਚੇਤੇ ਕਰਦਾ', 'ਨਾਗਨੀ' ਤੇ 'ਤੇਰੇ ਪਿੰਡ' ਵਰਗੇ ਹਿੱਟ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਗਾਇਕ ਰੇਸ਼ਮ ਸਿੰਘ ਅਨਮੋਲ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਰੇਸ਼ਮ ਗੀਤ ਦੀ ਸ਼ੂਟਿੰਗ ਆਪਣੇ ਪਿੰਡ 'ਚ ਹੀ ਕਰ ਰਹੇ ਹਨ, ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ।
ਰੇਸ਼ਮ ਸਿੰਘ ਅਨਮੋਲ ਦੇ ਦੋ ਭਰਾ ਹਨ, ਜਿਨ੍ਹਾਂ ਦੇ ਨਾਂ ਨਿਰਮਲ ਸਿੰਘ ਤੇ ਸਵਰਣ ਸਿੰਘ ਹਨ। ਸ਼ੂਟ ਦੌਰਾਨ ਨਿਰਮਲ ਮੌਜੂਦ ਸਨ। ਨਿਰਮਲ ਨੇ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਮਿਲ ਕੇ ਆਪਣੀ ਮਾਤਾ ਜੀ ਦਾ ਸੁਪਨਾ ਪੂਰਾ ਕੀਤਾ ਤੇ ਪਿੰਡ 'ਚ ਇਕ ਗੁਰਦੁਆਰਾ ਬਣਾਇਆ ਹੈ। ਗੁਰਦੁਆਰਾ ਬਣਾਉਣ ਦੀ ਸੁਖਨਾ ਉਨ੍ਹਾਂ ਦੀ ਮਾਤਾ ਜੀ ਨੇ ਸੁੱਖੀ ਸੀ।
ਜਦੋਂ ਉਹ ਛੋਟੇ ਹੁੰਦੇ ਸਨ, ਉਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਬਹੁਤ ਗਰੀਬੀ 'ਚ ਆਪਣਾ ਬਚਪਨ ਬਤੀਤ ਕੀਤਾ। ਜਦੋਂ ਘਰ 'ਚ ਕੋਈ ਬੀਮਾਰ ਪੈ ਜਾਂਦਾ ਸੀ ਤਾਂ ਦਵਾਈ ਲਈ ਵੀ ਪੈਸੇ ਨਹੀਂ ਹੁੰਦੇ ਸਨ। ਪਿੰਡ 'ਚ ਜਿਹੜੀ 40 ਕਿੱਲੇ ਜ਼ਮੀਨ ਸੀ, ਉਸ 'ਤੇ ਵੀ ਕਿਸੇ ਨੇ ਕਬਜ਼ਾ ਕਰ ਲਿਆ ਪਰ ਇੰਨੀ ਗਰੀਬੀ ਝੱਲਣ ਦੇ ਬਾਵਜੂਦ ਉਨ੍ਹਾਂ ਦੀ ਮਾਤਾ ਜੀ ਹਰ ਸੰਗਰਾਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸਨ।
ਉਥੇ ਹੀ ਉਨ੍ਹਾਂ ਦੀ ਮਾਤਾ ਜੀ ਨੇ ਚੰਗੇ ਦਿਨਾਂ ਦੀ ਆਸ ਕਰਦਿਆਂ ਗੁਰਦੁਆਰਾ ਬਣਾਉਣ ਦੀ ਸੁਖਨਾ ਸੁੱਖੀ। ਹੌਲੀ-ਹੌਲੀ ਸਭ ਠੀਕ ਵੀ ਹੋਣ ਲੱਗ ਪਿਆ ਪਰ ਕੁਝ ਸਾਲਾਂ ਬਾਅਦ ਮਾਤਾ ਜੀ ਬੀਮਾਰ ਪੈਣ ਲੱਗ ਗਏ। ਉਦੋਂ ਮਾਤਾ ਜੀ ਨੇ ਆਪਣੀ ਸੁਖਨਾ ਦਾ ਜ਼ਿਕਰ ਕੀਤਾ, ਜੋ ਤਿੰਨਾਂ ਭਰਾਵਾਂ ਨੇ ਮਿਲ ਕੇ ਪੂਰੀ ਕੀਤੀ।
ਰੇਸ਼ਮ ਸਿੰਘ ਅਨਮੋਲ ਨੂੰ ਜਿੰਨੇ ਵੀ ਪੈਸੇ ਸਟੇਜ ਤੋਂ ਹੁੰਦੇ ਹਨ, ਉਹ ਸਾਰੇ ਉਹ ਗੁਰਦੁਆਰੇ 'ਤੇ ਲਗਾਉਂਦੇ ਹਨ। ਰੇਸ਼ਮ ਸਿੰਘ ਅਨਮੋਲ ਦੇ ਭਰਾ ਸਰਵਣ ਇੰਗਲੈਂਡ 'ਚ ਹਨ, ਜਿਹੜੇ ਆਪਣੀ ਕਮਾਈ ਦਾ 10 ਫੀਸਦੀ ਹਿੱਸਾ ਗੁਰਦੁਆਰੇ ਲਈ ਦਿੰਦੇ ਹਨ। ਨਿਰਮਲ ਪਰਿਵਾਰ ਨਾਲ ਮੋਹਾਲੀ 'ਚ ਹੀ ਰਹਿੰਦੇ ਹਨ, ਜਿਹੜੇ ਰੋਜ਼ਾਨਾ ਪਿੰਡ 'ਚ ਆਉਂਦੇ ਹਨ।

Tags: Resham Singh Anmol Mother Dream Nirmal Singh Sarvan Singh ਰੇਸ਼ਮ ਸਿੰਘ ਅਨਮੋਲ ਨਿਰਮਲ ਸਿੰਘ ਸਵਰਣ ਸਿੰਘ