ਜਲੰਧਰ(ਬਿਊਰੋ)— ਮਿਊਜ਼ਿਕ ਇੰਡਸਟਰੀ 'ਚ ਇਕ ਸਮਾਂ ਸੀ ਜਦੋਂ ਪੰਜਾਬ ਦਾ ਲੋਕ ਸਾਜ਼ 'ਤੂੰਬੀ' ਕਈ ਗਾਇਕਾਂ ਦੀ ਪਛਾਣ ਸੀ। ਇਨ੍ਹਾਂ ਸਿੰਗਰਾਂ 'ਚ ਸਭ ਤੋਂ ਪਹਿਲਾਂ ਨਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਆਉਂਦਾ ਹੈ। ਕੁਲਦੀਪ ਮਾਣਕ ਦੂਜੇ ਗਾਇਕ ਸਨ, ਜਿਨ੍ਹਾਂ ਨੇ ਤੂੰਬੀ ਦਾ ਸਾਥ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਸਪੁਰਦੇ ਖਾਕ ਨਹੀਂ ਹੋ ਗਏ ਪਰ ਅੱਜ ਵੀ ਕੁਝ ਅਜਿਹੇ ਗਾਇਕ ਅਤੇ ਸ਼ਾਜੀ ਹਨ, ਜਿਹੜੇ ਇਸ ਲੋਕ ਸਾਜ਼ ਨੂੰ ਸਾਂਭੀ ਬੈਠੇ ਹਨ। ਅਜਿਹਾ ਹੀ ਇਕ ਗਾਇਕ ਹੈ ਜੈਲੀ ਮਨਜੀਤ ਪੁਰੀ, ਜਿਨ੍ਹਾਂ ਦਾ ਹਰ ਗੀਤ ਤੂੰਬੀ ਨਾਲ ਜੁੜਿਆ ਹੋਇਆ ਹੈ। ਜੈਲੀ ਮਨਜੀਤਪੁਰੀ ਅਤੇ ਪੰਜਾਬੀ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਕ ਗੀਤ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਗੀਤ ਦੀ ਇਕ ਖਾਸ ਗੱਲ ਇਹ ਹੈ ਕਿ ਇਸ 'ਚ ਸਿਰਫ ਤੂੰਬੀ ਦੀ ਹੀ ਵਰਤੋਂ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਗੀਤ 'ਚ ਜੈਲੀ ਮਨਜੀਤਪੁਰੀ ਤੂੰਬੀ ਵਜਾ ਰਹੇ ਹਨ ਜਦੋਂਕਿ ਰੇਸ਼ਮ ਸਿੰਘ ਅਨਮੋਲ ਗੀਤ ਗਾ ਰਹੇ ਹਨ। ਗੀਤ ਦੇ ਬੋਲ ਹਨ 'ਸੰਗਦੀ ਦੀ ਸਗਾਉਂਦੀ ਮੈਂ ਇਕ ਗੱਲ ਕਹਿਣ ਲੱਗੀ, ਉਸ ਦੇ ਖਿਆਲਾਂ ਵਿੱਚ ਮੈਂ ਨਿੱਤ ਰਹਿਣ ਲੱਗੀ'। ਇਸ ਨੂੰ ਰੇਸ਼ਮ ਸਿੰਘ ਅਨਮੋਲ ਨਾ ਸਿਰਫ ਗਾ ਰਹੇ ਹਨ ਸਗੋਂ ਉਸੇ ਤਰ੍ਹਾਂ ਜੈਲੀ ਤੂੰਬੀ ਵਜਾ ਰਹੇ ਹਨ। ਰੇਸ਼ਮ ਸਿੰਘ ਅਨਮੋਲ ਵਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕਾਂ ਦੇ ਲਗਾਤਾਰ ਲਾਈਕ ਮਿਲ ਰਹੇ ਹਨ।