ਮੁੰਬਈ (ਬਿਊਰੋ)— ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਫਿਲਮ 'ਸੰਜੂ' ਦੇ ਟਰੇਲਰ ਵਿਚ ਆਪਣੇ ਬੇਟੇ ਰਣਬੀਰ ਕਪੂਰ ਦਾ ਕੰਮ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਰਣਬੀਰ ਦਾ ਕੰਮ ਦੇਖ ਕੇ ਉਸ ਤੇ ਮਾਨ ਹੋ ਰਿਹਾ ਹੈ। ਰਾਜਕੁਮਾਰ ਹਿਰਾਨੀ ਨਿਰਦੇਸ਼ਤ 'ਸੰਜੂ' ਅਭਿਨੇਤਾ ਸੰਜੈ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਵਿਚ ਮੁੱਖ ਕਿਰਦਾਰ ਰਣਬੀਰ ਕਪੂਰ ਨੇ ਨਿਭਾਇਆ ਹੈ।
ਇਕ ਬਿਆਨ ਅਨੁਸਾਰ 'ਸੰਜੂ' ਦਾ ਟਰੇਲਰ ਦੇਖ ਕੇ ਰਿਸ਼ੀ ਕਪੂਰ ਨੇ ਕਿਹਾ, 'ਰਾਜਕੁਮਾਰ ਹਿਰਾਨੀ ਨੇ ਰਣਬੀਰ ਨੂੰ ਜਿਸ ਤਰ੍ਹਾਂ ਨਾਲ ਪਰਦੇ 'ਤੇ ਪੇਸ਼ ਕੀਤਾ ਹੈ, ਉਹ ਸਭ ਤੋਂ ਸ਼ਾਨਦਾਰ ਗੱਲ ਹੈ। ਬੇਟੇ ਨੇ ਸਹੀ 'ਚ ਚੰਗਾ ਕੰਮ ਕੀਤਾ ਹੈ। ਮੈਨੂੰ ਉਨ੍ਹਾਂ ਤੇ ਬਹੁਤ ਜ਼ਿਆਦਾ ਮਾਨ ਹੈ। ਮੈਂ ਨੀਤੂ (ਪਤਨੀ) ਅਤੇ ਰਣਬੀਰ ਦੀ ਕਸਮ ਖਾ ਕੇ ਕਹਿੰਦਾ ਹਾਂ, ਮੈਨੂੰ ਨਹੀਂ ਲੱਗਾ ਕਿ ਉਹ ਰਣਬੀਰ ਹੈ, ਮੈਨੂੰ ਲੱਗਾ ਇਹ ਸੰਜੈ ਦੱਤ ਹੈ।''
ਉਨ੍ਹਾਂ ਨੇ ਕਿਹਾ, ''ਤੁਹਾਨੂੰ ਨਹੀਂ ਪਤਾ ਕਿ ਉਸ ਸਮੇਂ ਮੈਂ ਕਿੰਨਾ ਭਾਵੁਕ ਹੋ ਗਿਆ, ਜਦੋਂ ਵਿਨੋਦ (ਚੋਪੜਾ) ਅਤੇ ਰਾਜੂ (ਰਾਜਕੁਮਾਰ ਹਿਰਾਨੀ) ਨੇ ਮੈਨੂੰ ਟਰੇਲਰ ਦਿਖਾਇਆ। ਮੈਂ ਟਰੇਲਰ ਵਿਚ ਰਣਬੀਰ ਨੂੰ ਜਦੋਂ ਸਭ ਤੋਂ ਪਹਿਲਾਂ ਜੇਲ੍ਹ ਵਿਚ ਦੇਖਿਆ, ਮੈਨੂੰ ਲੱਗਾ ਉਹ ਸੰਜੈ ਦੱਤ ਹੈ। ਦੱਸਣਯੋਗ ਹੈ ਕਿ ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।