ਮੁੰਬਈ (ਬਿਊਰੋ) — ਦਿੱਗਜ ਅਭਿਨੇਤਾ ਰਿਸ਼ੀ ਕਪੂਰ ਨੂੰ ਸਕ੍ਰੈਬਲ ਖੇਡਣਾ ਬਹੁਤ ਪਸੰਦ ਸੀ। ਜਦੋਂ ਉਹ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾਏ ਰਹੇ ਸਨ ਤਾਂ ਉਦੋਂ ਸਮਾਂ ਕੱਟਣ ਲਈ ਇਹੀ ਬੋਰਡ ਗੇਮ ਉਨ੍ਹਾਂ ਦੇ ਕੰਮ ਆਉਂਦੀ ਸੀ। ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਹ ਖੁਲਾਸਾ ਕੀਤਾ ਹੈ। ਰਿਸ਼ੀ ਕਪੂਰ ਦੀਆਂ ਯਾਦਾਂ ਤਾਜਾ ਕਰ ਰਹੀ ਰਿਧੀਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ 'ਚੋਂ ਇਕ 'ਚ ਰਿਸ਼ੀ ਕਪੂਰ ਪਤਨੀ ਨੀਤੂ ਕਪੂਰ ਦਾ ਹੱਥ ਫੜ੍ਹੀ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਉਹ ਨੀਤੂ, ਬੇਟੇ ਰਣਬੀਰ ਅਤੇ ਉਸ ਦੀ ਪ੍ਰੇਮਿਕਾ ਆਲੀਆ ਭੱਟ ਨਾਲ ਨਿਊਯਾਰਕ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਤੀਜੀ ਤਸਵੀਰ ਸਕ੍ਰੈਬਲ ਦੀ ਹੈ। ਇਸ ਦੇ ਨਾਲ ਇਮੋਸ਼ਨਲ ਰਿਧੀਮਾ ਨੇ ਲਿਖਿਆ ਹੈ, ''ਮੇਰੇ ਪਾਪਾ ਨੂੰ ਉਨ੍ਹਾਂ ਦਾ ਸਕ੍ਰੈਬਲ ਬਹੁਤ ਪਸੰਦ ਸੀ। ਉਨ੍ਹਾਂ ਨੇ ਇਹ ਨਿਊਯਾਰਕ 'ਚ ਖਰੀਦਿਆ ਸੀ।''

ਅਮਿਤਾਭ ਬੱਚਨ ਵੀ ਕਰ ਚੁੱਕੇ ਰਿਸ਼ੀ ਕਪੂਰ ਦੇ ਬੋਰਡ ਗੇਮ ਦਾ ਜ਼ਿਕਰ
ਪਿਛਲੇ ਦਿਨੀਂ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ 'ਚ ਇਸ ਬਾਰੇ ਗੱਲ ਕੀਤੀ ਸੀ ਕਿ ਰਿਸ਼ੀ ਕਪੂਰ ਨੂੰ ਬੋਰਡ ਗੇਮ ਖੇਡਣਾ ਕਾਫੀ ਪਸੰਦ ਸੀ। ਇੰਨ੍ਹਾਂ ਹੀ ਨਹੀਂ ਉਹ ਫਿਲਮ ਦੇ ਸੈੱਟ 'ਤੇ ਇਸ ਨੂੰ ਨਾਲ ਲੈ ਕੇ ਜਾਂਦੇ ਸਨ।