FacebookTwitterg+Mail

‘ਰੌਣਕ ਤ੍ਰਿੰਝਣਾਂ ਦੀ’ ਸਮਾਗਮ ਦੌਰਾਨ ਗਿੱਪੀ ਗਰੇਵਾਲ ਅਤੇ ਬੱਬਲ ਰਾਏ ਨੇ ਬੰਨ੍ਹਿਆ ਰੰਗ

rounak trinjana di gippy grewal babbal rai
17 July, 2019 09:51:32 AM

ਮੈਲਬੋਰਨ(ਮਨਦੀਪ ਸਿੰਘ ਸੈਣੀ )- ‘ਪੰਜਾਬੀ ਫੋਕ ਐਂਡ ਆਰਟਸ’ ਸੰਸਥਾ ਵੱਲੋਂ ਸੈਂਟਰਲ ਮੈਲਬੋਰਨ ਕਾਲਜ, ਕੈਮ ਸਟੂਡੀਓ ਮੈਲਬੋਰਨ ਅਤੇ ਸਹਿਯੋਗੀਆਂ ਨਾਲ ਬੀਤੇ ਸ਼ਨੀਵਾਰ ਨੂੰ ਕਰੇਨਬਰਨ ਰੇਸਕੋਰਸ ਵਿਖੇ ‘ਰੌਣਕ ਤ੍ਰਿੰਝਣਾਂ ਦੀ’ ਨਾਂ ਦਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੈਲਬੋਰਨ ਦੇ ਵੱਖ-ਵੱਖ ਇਲਾਕਿਆਂ ਤੋਂ ਛੋਟੀਆਂ ਬੱਚੀਆਂ, ਮੁਟਿਆਰਾਂ ਅਤੇ ਔਰਤਾਂ ਨੇ ਸ਼ਿਰਕਤ ਕੀਤੀ।
ਗੁਰਸ਼ੇਰ ਸਿੰਘ ਹੀਰ ਵੱਲੋਂ ਤਿਆਰ ਕਰਵਾਏ ਗਏ ਗਿੱਧੇ-ਭੰਗੜੇ ਵਿਚ ਛੋਟੇ ਬੱਚਿਆਂ ਅਤੇ ਮੁਟਿਆਰਾਂ ਨੇ ਸੋਹਣਾ ਰੰਗ ਬੰਨ੍ਹਿਆ। ਪੰਜਾਬੀ ਲੋਕ ਨਾਚਾਂ ਅਤੇ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਦਿਲਚਸਪ ਵੰਨਗੀਆਂ ਨੇ ਵਧੀਆ ਮਾਹੌਲ ਸਿਰਜ ਦਿੱਤਾ। ਪ੍ਰਬੰਧਕਾਂ ਵੱਲੋਂ ਹਾਜ਼ਰ ਦਰਸ਼ਕਾਂ ਨਾਲ ਕੀਤੇ ਸਵਾਲ-ਜੁਆਬ ਦਾ ਦੌਰ ਦਿਲਚਸਪ ਹੋ ਨਿਬੜਿਆ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਮਿਸ ਤ੍ਰਿੰਝਣ ਅਤੇ ਮਿਸਿਜ਼ ਤ੍ਰਿੰਝਣ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਇਸ ਦੌਰਾਨ 1 ਸਾਲ ਦੀ ਛੋਟੀ ਬੱਚੀ ਨੇ ਨੰਨ੍ਹੀ ਪੰਜਾਬਣ ਅਤੇ 80 ਸਾਲ ਦੀ ਬੇਬੇ ਨੇ ਸੀਨੀਅਰ ਪੰਜਾਬਣ ਦਾ ਖਿਤਾਬ ਜਿੱਤਿਆ। ਰੰਗ-ਬਿਰੰਗੀਆਂ ਚੁੰਨੀਆਂ, ਫੁਲਕਾਰੀਆਂ, ਗਹਿਣਿਆਂ ਅਤੇ ਪੰਜਾਬੀ ਪਹਿਰਾਵਿਆਂ ਨੇ ਪੰਜਾਬ ਵਰਗਾ ਮਾਹੌਲ ਸਿਰਜ ਦਿੱਤਾ।
ਫਿਲਮ ‘ਅਰਦਾਸ ਕਰਾਂ’ ਦੀ ਪ੍ਰਮੋਸ਼ਨ ਲਈ ਮੈਲਬੋਰਨ ਪਹੁੰਚੇ ਗਾਇਕ ਗਿੱਪੀ ਗਰੇਵਾਲ ਅਤੇ ਬੱਬਲ ਰਾਏ ਨੇ ਵੀ ਇਸ ਮੇਲੇ ਵਿਚ ਹਾਜ਼ਰੀ ਭਰੀ ਅਤੇ ਦੋਵੇਂ ਗਾਇਕਾਂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦੀਪਕ ਬਾਵਾ ਤੇ ਪਵਨ ਬਰਾੜ ਨੇ ਸਾਂਝੇ ਤੌਰ ’ਤੇ ਬਾਖੂਬੀ ਨਿਭਾਈ। ਮੁੱਖ ਪ੍ਰਬੰਧਕ ਮਨਜੋਤ ਧਾਲੀਵਾਲ, ਰਚਿਤਾ ਸੂਦ, ਸ਼ੈਰੀ ਸੇਖੋਂ, ਦਿਲਪ੍ਰੀਤ ਜਸਵਾਲ, ਕੁਲਬੀਰ ਕੌਰ ਬਰਾੜ, ਸਿਮਰ ਧਾਲੀਵਾਲ, ਪ੍ਰੀਤ ਸਿੱਧੂ ਅਤੇ ਸਮੁੱਚੀ ਟੀਮ ਨੇ ਸਾਰੇ ਸਹਿਯੋਗੀਆਂ, ਮੀਡੀਆ ਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲਗਾਤਾਰ ਅੱਠ ਸਾਲਾਂ ਤੋਂ ਲੋਕਾਂ ਦੇ ਮਿਲ ਰਹੇ ਪਿਆਰ ਸਦਕਾ ਹੀ ਉਹ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੁੰਦਾ ਆ ਰਿਹਾ ਹੈ।


Tags: Rounak Trinjana diGippy GrewalBabbal RaiPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari