ਜਲੰਧਰ (ਬਿਊਰੋ) — ਬਾਹੂਬਲੀ ਸਟਾਰ ਪ੍ਰਭਾਸ ਦੀ ਆਉਣ ਵਾਲੀ ਬਹੁ-ਚਰਚਿਤ ਫਿਲਮ 'ਸਾਹੋ' ਦਾ ਟੀਜ਼ਰ ਅੱਜ ਚਾਰ ਵੱਖ-ਵੱਖ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ 'ਚ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ 'ਚ ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਵੀ ਅਹਿਮ ਭੂਮਿਕਾ 'ਚ ਹੈ। 1 ਮਿੰਟ 39 ਸੈਕਿੰਡ ਦੇ ਇਸ ਟੀਜ਼ਰ 'ਚ ਭਾਵੇਂ ਸ਼ੁਰੂਆਤ ਰੋਮਾਂਟਿਕ ਜਿਹੀ ਹੈ ਪਰ ਉਸ ਤੋਂ ਬਾਅਦ ਸਾਰਾ ਟੀਜ਼ਰ ਐਕਸ਼ਨ ਭਰਪੂਰ ਹੈ। ਇਸ ਫਿਲਮ 'ਚ ਪ੍ਰਭਾਸ ਤੇ ਸ਼ਰਧਾ ਤੋਂ ਇਲਾਵਾ ਮੰਦੀਰਾ ਬੇਦੀ, ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ ਤੇ ਚੰਕੀ ਪਾਂਡੇ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਸੁਜੀਤ ਨੇ ਡਾਇਰੈਕਟ ਕੀਤਾ ਹੈ। ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਵੀ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਸ਼ਰਧਾ ਦਾ ਕਿਰਦਾਰ ਬਹੁਤ ਪਾਵਰਫੁੱਲ ਹੈ। ਫਿਲਮ ਦੇ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਟੀਜ਼ਰ 'ਚ ਇਹ ਕੁਝ ਹੈ ਖਾਸ
'ਸਾਹੋ' ਦੇ ਟੀਜ਼ਰ 'ਚ ਐਕਸ਼ਨ ਸੀਨਜ਼ ਨੂੰ ਤਰਜੀਹ ਦਿੱਤੀ ਗਈ ਹੈ। 'ਸਾਹੋ' ਇਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ। ਇਸ ਫਿਲਮ 'ਚ ਦੁਬਈ ਦੇ ਬੁਰਜ ਖਲੀਫਾ 'ਚ ਖਤਰਨਾਕ ਸੀਨਜ਼ ਨੂੰ ਫਿਲਮਾਇਆ ਗਿਆ ਹੈ। ਫਿਲਮ 'ਚ ਵੀ. ਐੱਫ. ਐਕਸ. ਦਾ ਖੂਬ ਇਸਤੇਮਾਲ ਕੀਤਾ ਗਿਆ ਹੈ। ਬੈਕਗਰਾਊਂਡ ਮਿਊਜ਼ਿਕ ਸੀਨਜ਼ ਮੁਤਾਬਕ ਕਾਫੀ ਢੁਕਵਾਂ ਹੈ। ਦੁਬਈ ਦੀਆਂ ਉੱਚੀਆਂ ਇਮਾਰਤਾਂ 'ਚ ਬਾਈਕ ਚੇਸਿੰਗ ਸੀਕਵੈਂਸ, ਹਵਾ 'ਚ ਧੂੰਆਂ-ਧੂੰਆਂ ਹੁੰਦੀਆਂ ਗੱਡੀਆਂ ਤੇ ਰੇਗਿਸਤਾਨ 'ਚ ਫਿਲਮਾਏ ਸੀਨ ਕਾਫੀ ਜ਼ਬਰਦਸਤ ਹਨ। 15 ਅਗਸਤ ਨੂੰ ਫਿਲਮ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।