ਜਲੰਧਰ(ਬਿਊਰੋ)— ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦਿਹਾਂਤ ਹੋਣ ਦੀ ਦੁੱਖ ਭਰੀ ਖਬਰ ਨਾਲ ਪਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਨਾਲ ਪਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ।
ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਗ੍ਰਹਿਣ ਕੀਤੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅੰਤਿਮ ਦਿਨਾਂ ਦੀਆਂ ਕੁਝ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਸਾਬਰ ਕੋਟੀ ਕਾਫੀ ਪਤਲੇ (ਸੁੱਕੇ) ਦਿਖਾਈ ਦੇ ਰਹੇ ਹਨ। ਸੂਤਰਾਂ ਮੁਤਾਬਕ, ਇਹ ਵੀ ਅਫਵਾਹ ਉੱਡੀ ਸੀ ਕਿ ਸਾਬਰ ਕੋਟੀ ਨੂੰ ਕੈਂਸਰ ਸੀ, ਜਿਸ ਕਰਕੇ ਉਨ੍ਹਾਂ ਦੀ ਅਜਿਹੀ ਹਾਲਤ ਹੋ ਗਈ ਸੀ।
ਦੱਸਣਯੋਗ ਹੈ ਕਿ ਸਾਬਰ ਕੋਟੀ ਦਾ ਜਨਮ 25 ਅਕਤੂਬਰ 1982 ਨੂੰ ਹੋਇਆ ਸੀ। ਉਨ੍ਹਾਂ ਦੀ ਸਾਲ 1998 'ਚ 'ਸੋਨੇ ਦਿਆ ਵੇ ਕੰਗਣਾ' ਐਲਬਮ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ 2002 'ਚ 'ਸ਼ੌਕ ਅਮੀਰਾਂ ਦਾ', 2005 'ਚ 'ਹੰਝੂ' ਆਈ|ਸੀ। ਉਨ੍ਹਾਂ ਨੂੰ ਕਈ ਦਰਦ ਭਰੇ ਗੀਤਾਂ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਵੱਲੋਂ ਗਾਏ ਗਏ ਕੁਝ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ, ਜਿਵੇਂ ਕਿ, 'ਤਾਰਾ ਅੰਬਰਾਂ 'ਤੇ ਕੋਈ-ਕੋਈ ਏ', 'ਹੰਝੂ', 'ਓਹ ਮੌਸਮ ਵਾਂਗੂ ਬਦਲ ਗਏ', 'ਸੋਹਨੇ ਦਿਆ ਕੰਗਨਾ' ਤੋਂ ਇਲਾਵਾ ਕਈ ਅਜਿਹੇ ਮਸ਼ਹੂਰ ਗੀਤ ਹਨ, ਜੋ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡਦੇ ਹਨ।
ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ 'ਚ ਕਈ ਗੀਤ ਦਿੱਤੇ ਸਨ। ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁੱਡ ਇੰਡਸਟਰੀ 'ਚ ਪੂਰਾ ਨਹੀਂ ਕੀਤਾ ਜਾ ਸਕਦਾ।