ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 13 ਜੁਲਾਈ 1982 'ਚ ਮਾਤਾ ਬੀਬੀ ਮਾਥਰੋ ਦੀ ਕੁੱਖੋਂ ਹੋਇਆ। ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ।

ਪਿਤਾ ਤੋਂ ਸਿੱਖੀਆਂ ਗਾਇਕੀ ਦੀਆਂ ਬਾਰੀਕੀਆਂ
ਮਾਸਟਰ ਸਲੀਮ ਨੂੰ ਗਾਇਕੀ ਦਾ ਜਾਦੂ ਆਪਣੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਮਿਲਿਆ ਹੈ। ਪਿਤਾ ਹੀ ਉਨ੍ਹਾਂ ਦੇ ਟੀਚਰ, ਗੁਰੂ ਤੇ ਇੰਸਟੀਚਿਊਟ ਹਨ।

'ਸੁਣ ਚਰਖੇ ਦੀ ਘੂਕ' ਨਾਲ ਮੋਹਿਆ ਲੋਕਾਂ ਦਾ ਮਨ
ਮਾਸਟਰ ਸਲੀਮ ਨੇ ਪਹਿਲੀ ਵਾਰ ਦੂਰਦਰਸ਼ਨ 'ਤੇ ਆਪਣਾ ਗੀਤ 'ਸੁਣ ਚਰਖੇ ਦੀ ਘੂਕ' ਗਾਇਆ ਸੀ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ ਸੀ। ਮਾਸਟਰ ਸਲੀਮ ਇਕ ਅਜਿਹੇ ਗਾਇਕ ਹਨ, ਜਿਹੜੇ ਹਰ ਤਰ੍ਹਾਂ ਦੇ ਗੀਤ ਨੂੰ ਆਪਣੀ ਆਵਾਜ਼ ਦੇ ਸਕਦੇ ਹਨ।

ਹਰ ਗੀਤ 'ਚ ਭਰ ਦਿੰਦੇ ਨੇ ਜਾਨ
ਮਾਸਟਰ ਸਲੀਮ ਹਰ ਗੀਤ 'ਚ ਆਵਾਜ਼ ਦਾ ਰੰਗ ਭਰਨਾ ਜਾਣਦੇ ਹਨ। ਭਾਵੇਂ ਉਹ ਸੂਫੀ ਗੀਤ ਹੋਣ, ਭੰਗੜੇ ਵਾਲੇ ਜਾਂ ਸੈਡ ਸੌਂਗ। ਉਨ੍ਹਾਂ ਲਈ ਅਜਿਹੇ ਗੀਤਾਂ 'ਚ ਜਾਨ ਭਰਨਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਨੇ ਗਾਇਕੀ ਨੂੰ ਇਕ ਜਜ਼ਬੇ ਵਜੋਂ ਲਿਆ ਹੈ, ਜਿਸ ਦੀ ਅੱਜ ਅਸੀਂ ਸਾਰੇ ਕਦਰ ਕਰਦੇ ਹਾਂ।

ਸ਼ਾਗਿਰਦ ਕਾਰਨ ਖੂਬ ਰਹੇ ਵਿਵਾਦਾਂ 'ਚ
ਪਿਛਲੇ ਸਾਲ ਜਨਵਰੀ 'ਚ ਸੋਸ਼ਲ ਮੀਡੀਆ 'ਤੇ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਨ੍ਹਾਂ ਦਾ ਸ਼ਾਗਿਰਦ ਉਨ੍ਹਾਂ ਦੇ ਪੈਰ ਧੋ ਕੇ ਪਾਣੀ ਪੀਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰੇ ਪੰਜਾਬ 'ਚ ਉਨ੍ਹਾਂ ਦੀ ਨਿੰਦਿਆ ਕੀਤੀ ਜਾਣ ਲੱਗੀ।

ਇਸ ਤੋਂ ਬਾਅਦ ਮਾਸਟਰ ਸਲੀਮ ਨੇ ਇਕ ਵੀਡੀਓ ਦੇ ਜ਼ਰੀਏ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਆਪਣੇ ਵੱਲੋਂ ਆਪਣੇ ਸ਼ਾਗਿਰਦ ਨੂੰ ਇਹ ਸਭ ਕਰਨ ਤੋਂ ਰੋਕਿਆ ਸੀ ਪਰ ਉਹ ਮੇਰੇ ਰੋਕਣ ਦੇ ਬਾਵਜੂਦ ਵੀ ਅਜਿਹਾ ਕਰਦਾ ਰਿਹਾ।