ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਹਰ ਇਕ ਨੂੰ ਭਾਵੁਕ ਕਰ ਰਹੀ ਹੈ। ਦਰਅਸਲ ਇਹ ਵੀਡੀਓ ਮਾਸਟਰ ਸਲੀਮ ਦੇ ਕਿਸੇ ਸ਼ੋਅ ਦੀ ਹੈ, ਜਿਸ 'ਚ ਮਾਸਟਰ ਸਲੀਮ ਆਪਣੇ ਇਕ ਪ੍ਰਸ਼ੰਸਕ ਦੀ ਆਰਥਿਕ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ 'ਚ ਜਿੰਨੇ ਵੀ ਮਾਸਟਰ ਸਲੀਮ ਨੂੰ ਪੈਸੇ ਇੱਕਠੇ ਹੁੰਦੇ ਹਨ, ਉਹ ਆਪਣੀ ਪ੍ਰਸ਼ੰਸਕ ਦੀ ਝੋਲੀ 'ਚ ਪਾ ਦਿੰਦੇ ਹਨ। ਹਾਲਾਂਕਿ ਇਸ ਦੌਰਾਨ ਮਾਸਟਰ ਸਲੀਮ ਆਖਦੇ ਹਨ, ਕਿ ਇਹ ਸਾਡੀ ਭੈਣ ਹੈ ਅਤੇ ਇਸ ਭੈਣ ਨੂੰ ਇਲਾਜ਼ ਲਈ ਜਿੰਨੇ ਵੀ ਪੈਸੇ ਦੀ ਲੋੜ ਹੋਵੇਗੀ ਉਹ ਮੈਂ ਦਿਆਂਗਾ। ਇਸ ਦੇ ਨਾਲ ਹੀ ਉਹ ਆਪਣੇ ਸ਼ੋਅ ਨੂੰ ਮੁੜ ਸ਼ੁਰੂ ਕਰ ਦਿੰਦੇ ਹਨ। ਮਾਸਟਰ ਸਲੀਮ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਮਾਸਟਰ ਸਲੀਮ ਦੇ ਗੀਤ ਹਰ ਇਕ ਦੇ ਦਿਲ ਨੂੰ ਸਕੂਨ ਦਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪੀ. ਟੀ. ਸੀ. ਸਟੂਡੀਓ 'ਤੇ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।