FacebookTwitterg+Mail

ਸਲਮਾਨ ਖਾਨ: ਮੈਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ

salman khan
30 May, 2019 12:15:07 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਬੰਗ ਐਕਟਰ ਸਲਮਾਨ ਖਾਨ ਇਸ ਈਦ 'ਤੇ ਫਿਲਮ 'ਭਾਰਤ' ਦੇ ਨਾਲ ਧਮਾਲ ਮਚਾਉਣ ਜਾ ਰਹੇ ਹਨ। ਫਿਲਮ 'ਚ ਸਲਮਾਨ 18 ਸਾਲ ਦੇ ਜਵਾਨ ਤੋਂ ਲੈ ਕੇ 70 ਸਾਲ ਤਕ ਦੇ ਬੁੱਢੇ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਿਰਫ ਸਲਮਾਨ ਹੀ ਨਹੀਂ ਸਗੋਂ ਕੈਟਰੀਨਾ ਕੈਫ ਵੀ ਇਸ ਫਿਲਮ 'ਚ ਬੁੱਢੀ ਔਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਸਾਲ ਦੀ ਸਭ ਤੋਂ ਵੱਡੀ ਫਿਲਮ ਹੈ। 5 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਰੇਜ਼ ਦੇਖਣ ਲਾਈਕ ਹੈ। ਇਹ ਫਿਲਮ ਦੱਖਣੀ ਕੋਰੀਆਈ ਫਿਲਮ 'ਆਡ ਟੂ ਮਾਈ ਫਾਦਰ' ਦਾ ਰਿਮੇਕ ਹੈ। ਸਲਮਾਨ ਤੇ ਕੈਟਰੀਨਾ ਨਾਲ ਫਿਲਮ 'ਚ ਦਿਸ਼ਾ ਪਟਾਨੀ, ਤੱਬੂ, ਸੁਨੀਲ ਗਰੋਵਰ ਅਤੇ ਜੈਕੀ ਸ਼ਰਾਫ ਵੀ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਅਲੀ ਅਬਾਸ ਜ਼ਫਰ ਨੇ ਕੀਤਾ ਹੈ। ਫਿਲਮ ਨੂੰ ਵਿਸ਼ਾਲ-ਸ਼ੇਖਰ ਦੀ ਜੋੜੀ ਨੇ ਆਪਣੇ ਖੂਬਸੂਰਤ ਸੰਗੀਤ ਨਾਲ ਸਜਾਇਆ ਹੈ। ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਸਲਮਾਨ ਖਾਨ ਦੇ ਜੀਜਾ ਅਤੁਲ ਅਗਨੀਹੋਤਰੀ ਹਨ। ਜਗ ਬਾਣੀ/ਪੰਜਾਬ ਕੇਸਰੀ/ ਨਵੋਦਯਾ ਟਾਈਮਸ/ਹਿੰਦ ਸਮਾਚਾਰ ਨਾਲ ਖਾਸ ਮੁਲਾਕਾਤ 'ਚ ਸਲਮਾਨ ਅਤੇ ਕੈਟਰੀਨਾ ਨੇ ਦਿਲਚਸਪ ਗੱਲਾਂ ਕੀਤੀਆਂ।
ਖਾਸ ਮੁਲਾਕਾਤ
ਸਵਾਲ: ਭਾਰਤ 'ਚ ਤੁਹਾਡੇ ਕਈ ਏਜ ਫੈਕਟਰ ਦਿਖਾਏ ਗਏ ਹਨ, ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਚੈਲੰਜਿੰਗ ਕੀ ਰਿਹਾ?
ਜਵਾਬ :
ਜੀ ਹਾਂ, ਇਸ ਫਿਲਮ 'ਚ ਮੇਰੇ 5 ਤਰ੍ਹਾਂ ਦੇ ਕਿਰਦਾਰ ਹਨ, ਜਵਾਨੀ ਤੋਂ ਬੁੱਢੇ ਹੋਣ ਤਕ। ਮੇਰੇ ਲਈ ਸਭ ਤੋਂ ਮੁਸ਼ਕਲ ਇਕ ਉਹ ਰਿਹਾ, ਜੋ ਉਮਰ ਮੈਂ ਹੁਣ ਤਕ ਦੇਖੀ ਹੀ ਨਹੀਂ। ਬਾਕੀ ਦੇ 3 ਤਾਂ ਹਾਲ 'ਚ ਹੀ ਗਏ ਹਨ ਤਾਂ ਉਹ ਯਾਦ ਸਨ, ਇਸ ਲਈ ਉੱਥੇ ਜ਼ਿਆਦਾ ਮੁਸ਼ਕਲ ਨਹੀਂ ਆਈ। ਭਾਰਤ ਇਕ ਖੂਬਸੂਰਤ ਰੋਮਾਂਟਿਕ ਲਾਈਫ ਜਰਨੀ ਹੈ।

ਸਵਾਲ: ਫਿਲਮ ਦਾ ਨਾਂ 'ਭਾਰਤ' ਰੱਖਣ ਦਾ ਕਾਰਨ ਕੀ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਛੂਹਣਾ ਜਾਂ ਫਿਰ ਕਹਾਣੀ ਦੀ ਡਿਮਾਂਡ?
ਜਵਾਬ : 
'ਭਾਰਤ' ਬਹੁਤ ਹੀ ਖੂਬਸੂਰਤ ਟਾਈਟਲ ਹੈ ਅਤੇ ਇਹ ਮਨੋਜ ਸਾਹਿਬ ਤੋਂ ਪ੍ਰੇਰਿਤ ਹੈ। ਸਿਰਫ ਫਿਲਮ ਦੀ ਡਿਮਾਂਡ ਹੀ ਸੀ ਕਿ ਫਿਲਮ ਦਾ ਨਾਂ ਭਾਰਤ ਹੋਵੇ। ਦਰਸਅਲ ਭਾਰਤ ਅਤੇ ਦੇਸ਼ ਦੀ ਗ੍ਰੋਥ ਨਾਲ-ਨਾਲ ਹੁੰਦੀ ਹੈ। ਜਦ ਭਾਰਤ ਦੇ ਨਾਲ ਕੁਝ ਹਾਦਸਾ ਹੋ ਰਿਹਾ ਹੁੰਦਾ ਹੈ ਤਾਂ ਬੈਕਡ੍ਰਾਪ 'ਚ ਦੇਸ਼ 'ਚ ਕੁੱਝ ਘਟਨਾਵਾਂ ਹੋ ਰਹੀਆਂ ਹੁੰਦੀਆਂ ਹਨ। ਫਿਲਮ 'ਚ 1947 ਤੋਂ ਲੈ ਕੇ ਕਈ ਦਹਾਕਿਆਂ ਦੀ ਜਰਨੀ ਦਿਖਾਈ ਗਈ ਹੈ।

ਸਵਾਲ: ਤੁਸੀ ਹਾਲ 'ਚ ਹੀ ਕਿਹਾ ਸੀ ਕਿ ਭਾਰਤ ਲਈ ਕੈਟਰੀਨਾ ਕੈਫ ਨੂੰ ਨੈਸ਼ਨਲ ਐਵਾਰਡ ਮਿਲੇਗਾ। ਇਸ ਦੇ ਪਿੱਛੇ ਕੀ ਵਜ੍ਹਾ ਹੈ?
ਜਵਾਬ : 
ਜੀ, ਮੈਨੂੰ ਲੱਗਦਾ ਹੈ ਕਿ ਕੈਟਰੀਨਾ ਨੇ ਇਸ ਫਿਲਮ 'ਚ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ ਅਤੇ ਤੁਹਾਨੂੰ ਫਿਲਮ 'ਚ ਕੈਟਰੀਨਾ ਦਾ ਕਿਰਦਾਰ ਦੇਖ ਕੇ ਹੈਰਾਨੀ ਹੋਵੇਗੀ। ਉਨ੍ਹਾਂ ਨੂੰ ਭਾਰਤ ਲਈ ਨੈਸ਼ਨਲ ਐਵਾਰਡ ਮਿਲਣਾ ਚਾਹੀਦਾ ਹੈ ਅਤੇ ਮੈਨੂੰ ਰਿਵਾਰਡ। ਇਹ ਬਹੁਤ ਹੀ ਪਿਆਰੀ ਕਹਾਣੀ ਹੈ। ਇਹ ਫਿਲਮ ਇਕ ਕੋਰੀਅਨ ਫਿਲਮ ਦੀ ਰਿਮੇਕ ਹੈ, ਜਿਸ ਨੂੰ ਅਸੀ ਭਾਰਤ 'ਚ ਲੈ ਆਏ। ਅਸੀ ਕੋਰੀਅਨ ਫਿਲਮ ਦਾ ਸਿਰਫ ਮੂਲ ਆਈਡੀਆ ਲਿਆ ਹੈ ਅਤੇ ਇਸ ਨੂੰ ਆਪਣੇ ਦੇਸ਼ ਦੇ ਵਿਕਾਸ ਨਾਲ ਜੋੜਿਆ ਹੈ।

ਸਵਾਲ: ਇਸ ਫਿਲਮ ਨੂੰ ਸ਼ੂਟ ਕਰਦੇ ਸਮੇਂ ਕਦੇ ਲੱਗਾ ਕਿ ਓਹ... ਮੈਂ ਆਉਣ ਵਾਲੇ ਸਮੇਂ 'ਚ ਅਜਿਹਾ ਦਿਸਾਂਗਾ?
ਜਵਾਬ : 
ਮੇਰੇ ਬੁਢਾਪੇ ਦਾ ਲੁੱਕ ਹੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਮੈਂ ਇਸ ਤਰ੍ਹਾਂ ਕਦੇ ਸੋਚਦਾ ਹੀ ਨਹੀਂ। ਮੈਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ।

ਸਵਾਲ: ਦਿਸ਼ਾ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਜਵਾਬ : 
ਦਿਸ਼ਾ ਬਹੁਤ ਹੀ ਬਿਹਤਰੀਨ ਅਤੇ ਮਿਹਨਤੀ ਕਲਾਕਾਰ ਹੈ। ਸਮੇਂ ਦੀ ਵੀ ਬਹੁਤ ਪਾਬੰਦ ਹੈ। ਉਸ ਦਾ ਟੇਲੈਂਟ ਅਤੇ ਐਨਰਜੀ ਬਹੁਤ ਹੀ ਹਾਈ ਹੈ।

ਸਵਾਲ: ਕਰੀਅਰ ਦਾ ਕਿਹੜਾ ਦੌਰ ਸਭ ਤੋਂ ਸ਼ਾਨਦਾਰ ਰਿਹਾ?
ਜਵਾਬ : 
ਮੇਰਾ ਪੂਰਾ ਕਰੀਅਰ ਹੀ ਸ਼ਾਨਦਾਰ ਰਿਹਾ ਹੈ। ਜਦੋਂ ਤੋਂ ਮੈਂ ਇੰਡਸਟਰੀ 'ਚ ਆਇਆ ਹਾਂ ਉਦੋਂ ਤੋਂ ਲੈ ਕੇ ਹੁਣ ਤਕ ਮੇਰੀ ਪੂਰੀ ਜਰਨੀ ਹੀ ਸ਼ਾਨਦਾਰ ਰਹੀ ਹੈ। ਮੈਂ ਬਹੁਤ ਹੀ ਖੂਬਸੂਰਤ ਜ਼ਿੰਦਗੀ ਬਿਤਾ ਰਿਹਾ ਹਾਂ।

ਸਵਾਲ: ਜੈਕਲੀਨ ਅਤੇ ਕੈਟਰੀਨਾ ਦੇ ਨਾਲ ਤੁਹਾਡੀ ਜੋੜੀ ਕਾਫੀ ਪਸੰਦ ਕੀਤੀ ਜਾਂਦੀ ਹੈ, ਹੁਣ ਕਿਸ ਫਿਲਮ 'ਚ ਤੁਸੀ ਜੈਕਲੀਨ ਨਾਲ ਨਜ਼ਰ ਆਉਂਗੇ?
ਜਵਾਬ : 
ਮੈਂ ਜਲਦ ਹੀ 'ਕਿਕ' ਦੇ ਸੀਕਵਲ 'ਚ ਜੈਕਲੀਨ ਨਾਲ ਨਜ਼ਰ ਆਵਾਂਗਾ। ਇਸ ਦੇ ਪਹਿਲੇ ਪਾਰਟ 'ਚ ਵੀ ਉਹ ਸੀ ਅਤੇ ਅੱਗੇ ਵੀ ਉਹੀ ਰਹੇਗੀ।

ਸਵਾਲ: ਫਿਲਮ 'ਚ ਕਿਹੜਾ ਕਿਰਦਾਰ ਜ਼ਿਆਦਾ ਇੰਜੁਆਏ ਕੀਤਾ?
ਜਵਾਬ : 
ਜੋ ਇਸੇ ਉਮਰ ਦਾ ਕਿਰਦਾਰ ਹੈ ਉਹ ਤਾਂ ਮੈਂ ਆਸਾਨੀ ਨਾਲ ਕਰ ਲਿਆ, ਮੈਂ ਬੁੱਢੇ ਦਾ ਕਿਰਦਾਰ ਸਭ ਤੋਂ ਜ਼ਿਆਦਾ ਇੰਜੁਆਏ ਕੀਤਾ। ਜਿਸ 'ਚ ਮੈਂ 60 ਸਾਲ ਦਾ ਹਾਂ। ਜਦੋਂ ਮੈਂ ਇਸ ਕਿਰਦਾਰ 'ਤੇ ਕੰਮ ਸ਼ੁਰੂ ਕੀਤਾ ਤਾਂ ਮਹਿਸੂਸ ਕੀਤਾ ਕਿ ਇਕ ਬੁੱਢੇ ਦੀ ਆਵਾਜ਼ ਅਤੇ ਚਾਲ 'ਚ ਥੋੜ੍ਹਾ ਫਰਕ ਆ ਜਾਂਦਾ ਹੈ ਪਰ ਦੂਜੇ ਪਾਸੇ ਜਦੋਂ ਮੈਂ ਆਪਣੇ ਪਿਤਾ ਨੂੰ ਦੇਖਦਾ ਹਾਂ ਤਾਂ ਨਾ ਤਾਂ ਉਨ੍ਹਾਂ ਦੀ ਕਮਰ ਝੁਕੀ ਹੈ ਅਤੇ ਨਾ ਹੀ ਉਨ੍ਹਾਂ ਦੀ ਆਵਾਜ਼ 'ਚ ਕੋਈ ਫਰਕ ਪਿਆ ਹੈ ਅਤੇ ਨਾ ਹੀ ਉਹ ਖੰਘਦੇ ਹਨ। ਇਸ ਤੋਂ ਇਲਾਵਾ ਜੋ 24 ਤੋਂ 27 ਸਾਲ ਦੀ ਉਮਰ ਵਾਲਾ ਕਿਰਦਾਰ ਹੈ, ਉਸ ਨੂੰ ਨਿਭਾਉਣ 'ਚ ਬਹੁਤ ਮਜ਼ਾ ਆਇਆ ਕਿਉਂਕਿ ਉਸ ਲਈ ਮੈਨੂੰ ਆਪਣੀ ਪੁਰਾਣੀਆਂ ਫਿਲਮਾਂ ਨੂੰ ਦੇਖਣਾ ਪਿਆ। ਜਦੋਂ ਮੈਂ ਇੰਨੇ ਸਮੇਂ ਬਾਅਦ ਉਹ ਫਿਲਮਾਂ ਦੇਖੀਆਂ ਤਾਂ ਮੈਨੂੰ ਉਹ ਯਾਦ ਹੀ ਨਹੀਂ ਸੀ ਕਿ ਇਹ ਗਾਣਾ ਕਿੱਥੇ ਸ਼ੂਟ ਹੋਇਆ ਸੀ ਅਤੇ ਇਸ ਦੇ ਸੀਨ ਲਈ ਅਸੀਂ ਕਿੱਥੇ ਗਏ ਸੀ। ਦਰਸਅਲ ਉਸ ਸਮੇਂ ਮੈਂ ਇਕ ਦਿਨ 'ਚ 3 ਸ਼ਿਫਟਾਂ 'ਚ ਕੰਮ ਕਰਦਾ ਸੀ। 7 ਤੋਂ 2, 2 ਤੋਂ 10 ਅਤੇ 10 ਤੋਂ ਸਵੇਰੇ 6 ਵਜੇ ਤਕ।

ਸਵਾਲ: ਸੋਸ਼ਲ ਮੀਡੀਆ ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਸ਼ਾਮਲ ਹੋ ਚੁੱਕਾ ਹੈ, ਤੁਹਾਡੀ ਨਜ਼ਰ 'ਚ ਇਸ ਦਾ ਕੀ ਨੁਕਸਾਨ ਅਤੇ ਕੀ ਫਾਈਦਾ ਹੈ?
ਜਵਾਬ : 
ਦੇਖੋ, ਜਦ ਤਕ ਲੋਕ ਆਪਣੀ ਅਸਲੀ ਪਛਾਣ ਦੇ ਨਾਲ ਸੋਸ਼ਲ ਮੀਡੀਆ 'ਤੇ ਨਹੀਂ ਆਉਣਗੇ, ਮੈਨੂੰ ਇਸ 'ਤੇ ਬਿਲਕੁਲ ਭਰੋਸਾ ਨਹੀਂ ਹੈ। ਇਕ-ਇਕ ਆਦਮੀ 10-10 ਝੂਠੇ ਅਕਾਊਂਟ ਸੋਸ਼ਲ ਮੀਡੀਆ 'ਤੇ ਬਣਾ ਰਿਹਾ ਹੈ। ਇਹੀ ਨਹੀਂ ਲੋਕਾਂ ਨੂੰ ਆਪਣੇ ਫਾਲੋਅਰ ਵਧਾਉਣ ਲਈ ਹਾਇਰ ਕੀਤਾ ਜਾ ਰਿਹਾ ਹੈ। ਇਹ ਸਭ ਫਰਜ਼ੀ ਮਾਮਲੇ ਹਨ। ਮਜ਼ਾ ਤਾਂ ਉਦੋਂ ਆਵੇਗਾ ਜਦੋਂ ਪਿੱਛੇ ਤੋਂ ਗਲਤ ਕੁਮੈਂਟ ਕਰਨ ਵਾਲੇ ਅੱਗੇ ਆ ਕੇ ਬੋਲਣ ਦੀ ਹਿੰਮਤ ਰੱਖਣ। ਜਿਸ ਤਰ੍ਹਾਂ ਸਾਡਾ ਜਨਮ ਸਰਟੀਫਿਕੇਟ, ਰਾਸ਼ਨ ਕਾਰਡ, ਆਧਾਰ ਕਾਰਡ, ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਹੁੰਦਾ ਹੈ, ਉਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਅਸਲੀ ਪਛਾਣ ਕਿਉਂ ਛੁਪਾਉਂਦੇ ਹੋ। ਮੈਂ ਤਾਂ ਇਹ ਵੀ ਕਹਾਂਗਾ ਕਿ ਸੋਸ਼ਲ ਮੀਡੀਆ 'ਤੇ ਸੈਂਸਰ ਹੋਣਾ ਚਾਹੀਦਾ ਹੈ ਅਤੇ ਭਾਸ਼ਾ ਦੀ ਵਰਤੋਂ ਕਰਨ 'ਤੇ ਵੀ ਇਕ ਕਾਨੂੰਨ ਹੋਣਾ ਚਾਹੀਦਾ ਹੈ।

ਸਵਾਲ: ਅੱਜ ਕੱਲ ਦਰਸ਼ਕਾਂ 'ਚ ਸਿਨੇਮਾ ਦੇਖਣ ਦਾ ਨਜ਼ਰੀਆ ਬਦਲ ਰਿਹਾ ਹੈ, ਹੁਣ ਚੰਗਾ ਕੰਟੈਂਟ ਚਾਹੀਦਾ ਹੈ, ਇਸ 'ਤੇ ਤੁਹਾਡੇ ਕੀ ਵਿਚਾਰ ਹਨ?
ਅਜਿਹਾ ਹੁਣ ਤੋਂ ਨਹੀਂ ਹੈ, ਪਹਿਲਾ ਤੋਂ ਹੀ ਹੈ। ਲੋਕਾਂ ਨੂੰ ਪਹਿਲਾਂ ਤੋਂ ਹੀ ਚੰਗੀਆਂ ਕਹਾਣੀਆਂ ਦੇਖਣੀਆਂ ਪਸੰਦ ਹਨ। ਮੈਨੂੰ ਪਤਾ ਨਹੀਂ ਕਿ ਅੱਜ ਦੇ ਲੋਕ ਕਿਸ ਚੀਜ਼ 'ਤੇ ਫੋਕਸ ਕਰਦੇ ਹਨ। ਮੈਂ ਤਾਂ ਆਪਣੇ ਫੈਨਸ ਅਤੇ ਭਾਰਤ ਦੀ ਆਡੀਐਂਸ 'ਤੇ ਫੋਕਸ ਕਰਦਾ ਹਾਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਮੇਰੀਆਂ ਫਿਲਮਾਂ ਦਾ ਕੰਟੈਂਟ ਇਕਦਮ ਬਕਵਾਸ ਹੈ ਪਰ ਮੇਰੇ ਫੈਨਸ ਨੂੰ ਇਹ ਸਭ ਚੰਗਾ ਲੱਗਦਾ ਹੈ। ਮਨੋਰੰਜਨ ਦਾ ਮਤਲਬ ਸਿਰਫ ਹਸਾਉਣਾ ਨਹੀਂ ਹੁੰਦਾ ਬਲਕਿ ਰੁਆਉਣਾ ਵੀ ਉਸੇ ਦਾ ਹੀ ਹਿੱਸਾ ਹੈ। ਜਿਥੇ ਹਸਾਉਣਾ ਮੁਸ਼ਕਲ ਹੁੰਦਾ ਹੈ, ਉਥੇ ਹੀ ਰੁਆਉਣਾ ਵੀ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਸਵਾਲ: ਵੈੱਬ ਸੀਰੀਜ਼ 'ਤੇ 100 ਫੀਸਦੀ ਸੈਂਸਰ ਹੋਣਾ ਚਾਹੀਦਾ ਹੈ - ਸਲਮਾਨ
ਜਵਾਬ : 
ਵੈੱਬ ਸੀਰੀਜ਼ ਦੇ ਮੌਜੂਦਾ ਦੌਰ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਸਲਮਾਨ ਨੇ ਕਿਹਾ ਕਿ ਇਨ੍ਹਾਂ ਦਿਨਾਂ 'ਚ ਵੈੱਬ ਸੀਰੀਜ਼ 'ਤੇ ਕੁਝ ਵੀ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਜਿਸ ਤਰ੍ਹਾਂ 12-13 ਸਾਲ ਦੀ ਬੱਚੀ ਜਾਂ ਫਿਰ ਉਸ ਤੋਂ ਵੀ ਛੋਟੇ ਬੱਚਿਆਂ ਦੇ ਹੱਥ 'ਚ ਮੋਬਾਇਲ ਆ ਜਾਵੇ ਅਤੇ ਉਹ ਸਭ ਗਲਤ ਦੇਖ ਲੈਣ ਤਾਂ ਉਨ੍ਹਾਂ 'ਤੇ ਕੀ ਅਸਰ ਹੋਵੇਗਾ। ਮੇਰਾ ਮੰਨਣਾ ਹੈ ਕਿ 100 ਫੀਸਦੀ ਵੈੱਬ 'ਤੇ ਸੈਂਸਰ ਹੋਣਾ ਚਾਹੀਦਾ ਹੈ। ਤੁਸੀ ਫਿਲਮਾਂ 'ਤੇ ਸੈਂਸਰ ਲਾਉਂਦੇ ਹੋ ਕਿ ਇਹ ਨਹੀਂ ਬੋਲਣਾ, ਇਹ ਨਹੀਂ ਦਿਖਾਉਣਾ, ਇਹ ਸੀਨ ਹਟਾਓ ਆਦਿ। ਥੋੜ੍ਹੀ ਜਿਹੀ ਲੜਾਈ ਅਤੇ ਖੂਨ ਖਰਾਬਾ ਦਿਖਾਇਆ ਨਹੀਂ ਕਿ 'ਏ' ਸਰਟੀਫਿਕੇਟ ਦੇ ਦਿੰਦੇ ਹੋ। ਉਸ ਦਾ ਕੀ ਜੋ ਉਨ੍ਹਾਂ ਦੇ ਫੋਨ 'ਚ ਹੈ, ਲੈਪਟਾਪ 'ਚ ਹੈ, ਉਸ 'ਤੇ ਕੋਈ ਸੈਂਸਰ ਨਹੀਂ।


'ਭਾਰਤ' ਲਈ ਬਹੁਤ ਹੀ ਐਕਸਾਈਟਿਡ ਹਾਂ : ਕੈਟਰੀਨਾ ਕੈਫ
ਜਵਾਬ : 
ਫਿਲਮ 'ਚ ਤੁਸੀਂ ਵੱਡੀ ਉਮਰ ਦੀ ਔਰਤ ਦੇ ਕਿਰਦਾਰ ਨਿਭਾਉਣ ਲਈ ਤੁਰੰਤ ਹਾਂ ਬੋਲ ਦਿੱਤੀ ਜਾਂ ਫਿਰ ਥੋੜ੍ਹਾ ਸਮਾਂ ਲਾਇਆ?
ਮੈਂ ਫਿਲਮ 'ਚ 'ਕੁਮੁਧ ਰੈਨਾ' ਦੇ ਕਿਰਦਾਰ 'ਚ ਹਾਂ ਅਤੇ ਮੇਰਾ ਵੀ ਇਸ 'ਚ ਜਵਾਨੀ ਤੋਂ ਲੈ ਕੇ ਉਮਰਦਰਾਜ ਹੋਣ ਤਕ ਦੋਵੇਂ ਹੀ ਦੌਰ ਦਿਖਾਏ ਗਏ ਹਨ। ਕੁਮੁਧ ਬਹੁਤ ਹੀ ਚੰਗੀ ਔਰਤ ਹੈ, ਉਹ ਦਿੱਲੀ ਦੇ ਇੰਪਲਾਈਮੈਂਟ ਦਫਤਰ 'ਚ ਕੰਮ ਕਰਦੀ ਹੈ ਅਤੇ ਉਹ ਬਹੁਤ ਹੀ ਮਜ਼ਬੂਤ ਵੀ ਹੈ। ਮੈਂ ਜਦ ਇਸ ਦੀ ਕਹਾਣੀ ਪੜ੍ਹੀ ਤਾਂ ਮੈਨੂੰ ਇਹ ਬਹੁਤ ਹੀ ਪਸੰਦ ਆਈ ਅਤੇ ਮੈਂ ਤੁਰੰਤ ਹਾਂ ਕਰ ਦਿੱਤੀ। ਮੈਂ ਇਸ ਫਿਲਮ ਲਈ ਬਹੁਤ ਹੀ ਐਕਸਾਈਟਿਡ ਅਤੇ ਖੁਸ਼ ਸੀ। ਇਸ ਵਰਗਾ ਕਿਰਦਾਰ ਮੈਂ ਅੱਜ ਤਕ ਨਹੀਂ ਨਿਭਾਇਆ।

ਸਵਾਲ: ਤੁਹਾਡੇ ਕਿਰਦਾਰ 'ਚ ਸਭ ਤੋਂ ਜ਼ਿਆਦਾ ਚੈਲੰਜ ਕੀ ਰਿਹਾ?
ਜਵਾਬ : 
ਸਭ ਤੋਂ ਜ਼ਿਆਦਾ ਮੁਸ਼ਕਲ ਆਪਣੇ ਤੋਂ ਵੱਡੀ ਉਮਰ ਦੇ ਕਿਰਦਾਰ ਨੂੰ ਨਿਭਾਉਣਾ ਰਿਹਾ। ਜਦ ਤੁਸੀ 40 ਜਾਂ ਫਿਰ 60 ਸਾਲ ਦੇ ਹੋ ਤਾਂ ਉਸ ਸਮੇਂ ਤੁਸੀ ਜਿਸ ਤਰ੍ਹਾਂ ਸੋਚਦੇ ਹੋ, ਕਿਸ ਤਰ੍ਹਾਂ ਬੋਲਦੇ ਹੋ, ਇਸ ਸਭ ਨੂੰ ਮਹਿਸੂਸ ਕਰ ਕੇ ਨਿਭਾਉਣਾ ਬਹੁਤ ਮੁਸ਼ਕਲ ਰਿਹਾ, ਕਿਉਂਕਿ ਲੁਕਸ ਲਈ ਤਾਂ ਮੇਕਅੱਪ ਹੋ ਜਾਂਦਾ ਸੀ। ਹੁਣ ਦੇਖਣਾ ਇਹ ਹੈ ਕਿ ਮੇਰੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ।

ਸਵਾਲ: ਤੁਸੀ ਸਲਮਾਨ ਨੂੰ 14-15 ਸਾਲ ਤੋਂ ਜਾਣਦੇ ਹੋ, ਇੰਨੇ ਸਮੇਂ 'ਚ ਉਨ੍ਹਾਂ 'ਚ ਕੀ ਬਦਲਾਅ ਆਇਆ?
ਜਵਾਬ : 
ਦੇਖੋ ਸਲਮਾਨ ਖਾਨ ਬਹੁਤ ਹੀ ਚੰਗੇ ਇਨਸਾਨ ਹਨ। ਉਹ ਖੁਦ ਤਾਂ ਖੁਸ਼ ਰਹਿੰਦੇ ਹੀ ਹਨ ਆਪਣੇ ਆਸ–ਪਾਸ ਦੇ ਲੋਕਾਂ ਨੂੰ ਵੀ ਖੁਸ਼ ਰੱਖਦੇ ਹਨ। ਹਮੇਸ਼ਾ ਦੂਜਿਆਂ ਦੀਆਂ ਟੰਗਾਂ ਖਿਚਦੇ ਰਹਿੰਦੇ ਹਨ ਅਤੇ ਉਹ ਜਿੱਥੇ ਜਾਂਦੇ ਹਨ, ਉੱਥੇ ਹੀ ਖੁਸ਼ਨਮਾ ਮਾਹੌਲ ਬਣਾ ਦਿੰਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸਟ੍ਰੈੱਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੁਝ ਕਰਨਾ ਹੈ ਤਾਂ ਕਰੋ ਨਹੀਂ ਤਾਂ ਰਹਿਣ ਦੇਵੋ। ਉਹ ਇਹ ਸੋਚ ਕੇ ਕਿਸੇ ਦੀ ਟੈਂਸ਼ਨ ਨਹੀਂ ਲੈਂਦੇ, ਇਹ ਕਿਸ ਤਰ੍ਹਾਂ ਹੋਵੇਗਾ ਇਹ ਕਿਸ ਤਰ੍ਹਾਂ ਹੋਵੇਗਾ।

ਸਵਾਲ: ਸੁਨੀਲ ਗਰੋਵਰ ਨਾਲ ਕੰਮ ਕਰਨ ਦਾ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?
ਜਵਾਬ : 
ਸੁਨੀਲ ਬਹੁਤ ਹੀ ਟੇਲੈਂਟਿਡ ਇਨਸਾਨ ਹੈ। ਉਨ੍ਹਾਂ ਨਾਲ ਕੰਮ ਕਰਨ ਦਾ ਬਹੁਤ ਹੀ ਮਜ਼ਾ ਆਉਂਦਾ ਹੈ। ਫਿਲਮ ਨਾਲ ਜੁੜੇ ਹਰ ਵਿਅਕਤੀ ਨੇ ਮਿਹਨਤ ਨਾਲ ਕੰਮ ਕੀਤਾ ਹੈ। ਇਹ ਇਕ ਲੰਬਾ ਸਫਰ ਸੀ। ਸਾਰਿਆਂ ਨੇ ਇਸ ਸਫਰ 'ਚ ਦਿਲੋਂ-ਜਾਨ ਨਾਲ ਕੰਮ ਕੀਤਾ ਹੈ।

ਸਵਾਲ: ਅਜਿਹੀ ਕੋਈ ਕੁਆਲਟੀ ਜੋ ਤੁਸੀ ਨਵੀਂ ਪੀੜ੍ਹੀ ਤੋਂ ਲੈਣਾ ਚਾਹੁੰਦੇ ਹੋ?
ਜਵਾਬ : 
ਮੈਂ ਅੱਜ ਦੀ ਪੀੜ੍ਹੀ ਤੋਂ ਇਕ ਚੀਜ਼ ਜ਼ਰੂਰ ਸਿੱਖਣਾ ਚਾਹੁੰਦੀ ਹਾਂ, ਉਹ ਇਹ ਕਿ ਇੰਨੀ ਐਨਰਜੀ ਉਨ੍ਹਾਂ 'ਚ ਕਿਸ ਤਰ੍ਹਾਂ ਆਉਂਦੀ ਹੈ। ਅੱਜ ਦੀ ਪੀੜ੍ਹੀ ਦੀ ਖਾਸੀਅਤ ਹੈ ਕਿ ਉਹ ਐਕਸਪੈਰੀਮੈਂਟ ਕਰਨ ਤੋਂ ਡਰਦੀ ਨਹੀਂ।

ਸਵਾਲ: ਇਸ ਫਿਲਮ ਨੂੰ ਕਿਸ ਤਰ੍ਹਾਂ ਦੀ ਆਡੀਐਂਸ ਜ਼ਿਆਦਾ ਅਟ੍ਰੈਕਟ ਕਰੇਗੀ ਅਤੇ ਕਿਉਂ?
ਜਵਾਬ : 
ਇਹ ਬਹੁਤ ਹੀ ਖੂਬਸੂਰਤ ਫਿਲਮ ਹੈ ਅਤੇ ਸਾਰਿਆਂ ਨੂੰ ਪਸੰਦ ਆਵੇਗੀ। ਹਰ ਉਮਰ ਦੀ ਆਡੀਐਂਸ ਨੂੰ ਇਹ ਫਿਲਮ ਆਪਣੇ ਵੱਲ ਖਿੱਚੇਗੀ। ਇਹ ਬਹੁਤ ਹੀ ਖੂਬਸੂਰਤੀ ਨਾਲ ਲਿਖੀ ਹੋਈ ਕਹਾਣੀ ਹੈ।


Tags: BharatSalman KhanKatrina KaifDisha PataniSunil GroverInterviewBollywood Star Interviewਸਟਾਰ ਇੰਟਰਵਿਊ

About The Author

manju bala

manju bala is content editor at Punjab Kesari