ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋਵੇਗਾ। ਜੇਕਰ ਉਹ ਦੋਸ਼ੀ ਹੋਏ ਤਾਂ ਉਸ ਨੂੰ 3 ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕੋਰਟ ਦਾ ਫੈਸਲਾ ਸਵੇਰੇ 10 ਵਜੇ ਤੋਂ ਬਾਅਦ ਕਦੀ ਵੀ ਆ ਸਕਦਾ ਹੈ। ਕਾਲੇ ਹਿਰਨ ਦੇ ਸ਼ਿਕਾਰ ਦੇ ਕੇਸ ਨਾਲ ਜੁੜੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਅੱਜ ਜੋਧਪੁਰ ਦੀ ਅਦਾਲਤ ਫੈਸਲਾ ਸੁਣਾਵੇਗੀ। ਸਲਮਾਨ ਇਸ ਦੌਰਾਨ ਅਦਾਲਤ 'ਚ ਮੌਜੂਦ ਰਹੇਗਾ। ਜੇਕਰ ਇਸ ਮਾਮਲੇ 'ਚ ਸਲਮਾਨ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਤੇ ਜੇਕਰ ਇਹ ਸਜਾ 3 ਸਾਲ ਤੋਂ ਜ਼ਿਆਦਾ ਹੋਈ ਤਾਂ ਉਸ ਨੂੰ ਜਲਦ ਜੇਲ੍ਹ 'ਚ ਭੇਜ ਦਿੱਤਾ ਜਾਵੇਗਾ। ਸਲਮਾਨ ਨਾਲ ਉਸ ਦੀ ਭੈਣ ਅਲਵੀਰਾ ਵੀ ਜੋਧਪੁਰ 'ਚ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਸਾਲ 1998 'ਚ ਫਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਗੈਰ-ਕਾਨੂੰਨੀ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਇਸ ਮਾਮਲੇ 'ਚ ਸਲਮਾਨ ਖਾਨ ਦੇ ਖਿਲਾਫ 4 ਕੇਸ ਦਰਜ ਹੋਏ ਸੀ। ਇਕ ਕੇਸ ਕਾਂਕਾਣੀ 'ਚ ਸ਼ਿਕਾਰ 'ਚ ਗੈਰ-ਕਾਨੂੰਨੀ ਹਥਿਆਰ ਦੀ ਵਰਤੋ ਦਾ ਸੀ, ਜਿਸ 'ਤੇ ਆਰਮਜ਼ ਐਕਟ ਦੇ ਤਹਿਤ ਕੇਸ ਚੱਲ ਰਿਹਾ ਹੈ ਅਤੇ ਅੱਜ ਇਸ ਕੇਸ ਦਾ ਫੈਸਲਾ ਆਉਣਾ ਵਾਲਾ ਹੈ।