ਮੁੰਬਈ(ਬਿਊਰੋ)— ਸਲਮਾਨ ਖਾਨ ਰੀਲ ਲਾਈਫ 'ਚ ਹੀ ਨਹੀਂ ਬਲਕਿ ਰੀਅਲ ਲਾਈਫ 'ਚ ਵੀ ਦਬੰਗ ਨਜ਼ਰ ਆ ਰਹੇ ਹਨ। ਅਸਲ 'ਚ ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੁਝ ਹੀ ਦਿਨਾਂ ਪਹਿਲਾਂ ਰਾਜਸਥਾਨ ਦੇ ਮਸ਼ਹੂਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਸ ਤੋਂ ਬਾਅਦ ਇਕ ਬੰਦੂਕਧਾਰੀ ਸ਼ੂਟਿੰਗ ਦੇ ਸੈੱਟ ਤੱਕ ਦਾਖਲ ਹੋ ਗਿਆ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਸਲਮਾਨ ਖਾਨ ਨੂੰ ਕੁਝ ਦਿਨਾਂ ਲਈ ਸ਼ੂਟਿੰਗ ਨਾ ਕਰਨ ਦੀ ਸਲਾਹ ਦਿੱਤੀ ਸੀ ਪਰ ਸਲਮਾਨ ਨੇ ਇਸ ਸਲਾਹ ਨੂੰ ਨਕਾਰ ਦਿੱਤਾ ਹੈ।
ਸਲਮਾਨ ਖਾਨ ਜਾਰੀ ਰੱਖਣਗੇ 'ਰੇਸ 3' ਦੀ ਸ਼ੂਟਿੰਗ
ਮਸ਼ਹੂਰ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਵੀ ਸਲਮਾਨ ਖਾਨ ਫਿਲਮ ਦੀ ਸ਼ੂਟਿੰਗ ਜਾਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪੁਲਸ ਦੀ ਗੱਲ ਨੂੰ ਨਾ ਮੰਨਦੇ ਹੋਏ ਆਪਣੀ ਫਿਲਮ 'ਰੇਸ 3' ਦੇ ਟਾਈਟਲ ਟਰੈਕ ਦੀ 5 ਦਿਨ ਦੀ ਸ਼ੂਟਿੰਗ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸਲਮਾਨ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਇਸ ਤੋਂ ਮੁੰਬਈ ਪੁਲਸ ਵੀ ਪਰੇਸ਼ਾਨ ਹੈ।
ਲਾਰੇਂਸ ਨੇ ਦਿੱਸੀ ਸੀ ਜਾਨੋਂ ਮਾਰਨ ਦੀ ਧਮਕੀ
ਲਾਰੇਂਸ, ਬਿਸ਼ਨੋਈ ਸਮਾਜ ਨਾਲ ਸੰਬੰਧ ਰੱਖਦੇ ਹਨ ਤੇ ਬਿਸ਼ਨੋਈ ਸਮਾਜ ਹਿਰਨ ਤੇ ਦੂਜੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਤਿ ਇਸੇ ਦਾ ਮੱਦੇਨਜ਼ਰ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ, ਕਿਉਂਕਿ ਸਲਮਾਨ 'ਤੇ ਕਾਲਾ ਹਿਰਨ ਦੇ ਸ਼ਿਕਾਰ ਦਾ ਕੇਸ ਚੱਲ ਰਿਹਾ ਹੈ।
ਟਾਈਟਲ ਟਰੈਕ ਦੀ ਚੱਲ ਰਹੀ ਹੈ ਸ਼ੂਟਿੰਗ
ਸਲਮਾਨ ਮੁੰਬਈ ਪੁਲਸ ਦੀ ਗੱਲ ਨੂੰ ਨਾ ਮੰਨਦੇ ਹੋਏ ਟਾਈਟਲ ਟਰੈਕ ਦੀ ਸ਼ੂਟਿੰਗ ਕਰ ਰਹੇ ਹਨ। ਇਸ ਗੀਤ ਦੀ ਸ਼ੂਟਿੰਗ ਲਈ ਇਕ ਖਾਸ ਤਰ੍ਹਾਂ ਦਾ ਸੈੱਟ ਬਣਾਇਆ ਗਿਆ ਹੈ। ਗੀਤ ਦੀ ਸ਼ੂਟਿੰਗ ਤੋਂ ਬਾਅਦ ਇਸ ਫਿਲਮ ਦੀ ਟੀਮ ਅਗਲੇ ਮਹੀਨੇ ਬੈਂਕਾਕ ਤੇ ਦੁਬਈ ਦੇ ਅਬੁ ਧਾਬੀ ਲਈ ਰਵਾਨਾ ਹੋਵੇਗੀ।