FacebookTwitterg+Mail

ਸਲਮਾਨ ਦੀ 'ਭਾਰਤ' 'ਚ ਦਿਹਾੜੀਦਾਰਾਂ ਨੇ ਕੰਟਰੈਕਟਰ 'ਤੇ ਲਾਏ ਮਿਹਨਤਾਨਾ ਨਾ ਦੇਣ ਦੇ ਦੋਸ਼

salman khan bharat
15 November, 2018 01:10:50 PM

ਲੁਧਿਆਣਾ (ਨਰਿੰਦਰ) — ਕਰੋੜਾਂ ਦੀ ਲਾਗਤ ਨਾਲ ਬਣ ਰਹੀ ਬਾਲੀਵੁੱਡ ਸੁਪਰਸਟਾਰ ਦੀ ਫਿਲਮ 'ਭਾਰਤ' 'ਚ ਹੈਲਪਰ ਦੇ ਤੌਰ 'ਤੇ ਕੰਮ ਕਰਨ ਵਾਲੇ ਦਿਹਾੜੀਦਾਰ ਲੋਕਾਂ ਨੇ ਫਿਲਮ ਦੇ ਕੰਟਰੈਕਟਰ 'ਤੇ ਬਣਦਾ ਮਿਹਨਤਾਨਾ ਨਾ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੇ ਕੰਟਰੈਕਟਰ ਵਲੋਂ ਮਿਲਿਆ ਚੈੱਕ ਬਾਊਂਸ ਹੋ ਗਿਆ ਹੈ। ਕਰੋੜਾਂ ਦੀ ਲਾਗਤ ਨਾਲ ਬਣ ਰਹੀ ਸਲਮਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਲੁਧਿਆਣਾ ਦੇ ਪਿੰਡ ਬਲੋਵਾਲ 'ਚ ਹੋ ਰਹੀ ਹੈ, ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਜ਼ਮੀਨ 'ਤੇ ਫਿਲਮ ਦਾ ਸੈੱਟ ਬਣਾਇਆ ਹੈ। 

ਦੱਸ ਦੇਈਏ ਕਿ ਪਿੰਡ 'ਚ ਇਹ ਸੈੱਟ ਪਾਕਿਸਤਾਨ-ਭਾਰਤ ਦੇ ਵਾਹਘਾ ਬਾਰਡਰ ਵਰਗਾ ਬਣਾਇਆ ਗਿਆ ਹੈ। ਲੁਧਿਆਣਾ 'ਚ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ, ਜਿਸ ਨੂੰ ਲੈ ਕੇ ਸਲਮਾਨ ਖਾਨ ਤੇ ਕੈਟਰੀਨਾ ਕੈਫ ਲੁਧਿਆਣਾ ਦੇ ਇਕ ਨਿੱਜੀ ਹੋਟਲ 'ਚ ਠਹਿਰੇ ਹੋਏ ਹਨ। ਇਸ ਫਿਲਮ 'ਚ ਭਾਰਤ-ਪਾਕਿਸਤਾਨ ਦੀ ਹੋਈ ਵੰਡ ਦੇ ਦਰਦ ਨੂੰ ਦਿਖਾਇਆ ਜਾ ਰਿਹਾ ਹੈ। ਇਸ ਫਿਲਮ 'ਚ ਲੋਕਾਂ ਦੀ ਭੀੜ ਨੂੰ ਦਿਖਾਉਣ ਲਈ ਇਕ ਕੰਟਰੈਕਟ ਸਾਈਨ ਹੋਇਆ ਸੀ, ਜਿਸ 'ਚ ਦਿਹਾੜੀਦਾਰ ਲੋਕਾਂ ਨੂੰ 350 ਰੁਪਏ ਪ੍ਰਤੀ ਵਿਅਕਤੀ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ।

ਇਸ 'ਚ ਕਰੀਬ ਡੇਢ ਸੌ ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਸਨ, ਜਿਸ 'ਚ ਬੁੱਢੇ ਤੇ ਜਵਾਨ ਲੋਕ ਸ਼ਾਮਲ ਸਨ। ਕੰਟਰੈਕਟਰ ਵਲੋਂ ਕਰੀਬ 55 ਹਜ਼ਾਰ ਰੁਪਏ ਦਿਹਾੜੀ ਦੇਣ ਦੀ ਗੱਲ ਹੋਈ ਸੀ, ਜਿਸ 'ਤੇ ਉਨ੍ਹਾਂ ਨੂੰ ਫਿਲਮ ਦੇ ਕੰਟਰੈਕਟਰ ਨੇ 30 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ ਪਰ ਜਦੋਂ ਇਹ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਪਹੁੰਚੇ ਤਾਂ ਪਤਾ ਲੱਗਾ ਕਿ ਕੰਟਰੈਕਟਰ ਦੇ ਅਕਾਊਂਟ 'ਚ ਬੈਲੇਂਸ ਹੀ ਉਪਲਬਧ ਨਹੀਂ ਹੈ। ਪੀੜਤਾਂ ਦਾ ਦੋਸ਼ ਹੈ ਕਿ ਹੁਣ ਕੰਟਰੈਕਟਰ ਸਾਡੇ ਨਾਲ ਗੱਲ ਨਹੀਂ ਕਰ ਰਿਹਾ, ਜਿਸ ਨੂੰ ਲੈ ਕੇ ਹੁਣ ਉਹ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਾ ਰਹੇ ਹਨ ਕਿ ਉਨ੍ਹਾਂ ਦਾ ਬਣਦਾ ਮਿਹਨਤਾਨਾ ਦਿਵਾਇਆ ਜਾਵੇ।


Tags: Salman Khan Bharat Ali Abbas Zafar Ludhiana Tabu Disha Patani Sunil Grover

About The Author

sunita

sunita is content editor at Punjab Kesari