FacebookTwitterg+Mail

ਮਿਊਜ਼ਿਕ ਕੰਪਨੀ ਰਿਹਾਨ ਰਿਕਾਰਡਸ ਦੇ ਪ੍ਰੋਡਿਊਸਰ ਕੋਲੋਂ ਗੈਂਗਸਟਰ ਨੇ ਮੰਗੀ 20 ਲੱਖ ਦੀ ਫਿਰੌਤੀ

sandeep rehaan
20 March, 2019 04:56:06 PM

ਚੰਡੀਗੜ੍ਹ, (ਸੁਸ਼ੀਲ ਰਾਜ) — ਰਿਹਾਨ ਰਿਕਾਰਡਸ ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਕੈਨੇਡਾ ਨਿਵਾਸੀ ਸੰਦੀਪ ਰਿਹਾਨ ਨੂੰ 20 ਲੱਖ ਰੁਪਏ ਫਿਰੌਤੀ ਮੰਗਣ ਦੀ ਧਮਕੀ ਆਈ ਹੈ। ਵਟਸਐਪ ਕਾਲ ਕਰਨ ਵਾਲੇ ਨੇ ਸੰਦੀਪ ਰਿਹਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਖੁਦ ਨੂੰ ਗੈਂਗਸਟਰ ਦੱਸਿਆ। ਸੰਦੀਪ ਨੂੰ ਜਿਸ ਸਮੇਂ ਕਾਲ ਆਈ, ਉਸ ਸਮੇਂ ਉਹ ਆਪਣੇ ਮਿਊਜ਼ੀਕਲ ਗਰੁੱਪ ਨਾਲ ਸੈਕਟਰ-35 ਦੇ ਹੋਟਲ ਜੇ. ਡਬਲਯੂ. ਮੈਰੀਏਟ 'ਚ ਠਹਿਰਿਆ ਹੋਇਆ ਸੀ। ਸੰਦੀਪ ਰਿਹਾਨ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 384 ਤੇ 387 ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪ੍ਰੋਡਿਊਸਰ ਨੂੰ ਧਮਕੀ ਦਿਲਪ੍ਰੀਤ ਗੈਂਗ ਦੇ ਗੈਂਗਸਟਰ ਬੁੱਢਾ ਨੇ ਦਿੱਤੀ ਹੈ।

ਕਿਹਾ— ਪੈਸੇ ਨਾ ਦਿੱਤੇ ਤਾਂ ਜ਼ਿੰਦਾ ਨਹੀਂ ਬਚੇਗਾ

ਪੁਲਸ ਨੇ ਦੱਸਿਆ ਕਿ ਕੈਨੇਡਾ ਨਿਵਾਸੀ ਪ੍ਰੋਡਿਊਸਰ ਸੰਦੀਪ ਰਿਹਾਨ 16 ਮਾਰਚ ਨੂੰ ਆਪਣੇ ਮਿਊਜ਼ੀਕਲ ਗਰੁੱਪ ਨਾਲ ਸੈਕਟਰ-35 ਦੇ ਹੋਟਲ 'ਚ ਰੁਕਿਆ ਹੋਇਆ ਸੀ। ਉਸ ਨੇ ਚੰਡੀਗੜ੍ਹ 'ਚ 20 ਮਾਰਚ ਨੂੰ ਸ਼ੋਅ ਕਰਨਾ ਸੀ। 16 ਮਾਰਚ ਦੀ ਰਾਤ ਲਗਭਗ ਦੋ ਵਜੇ ਪ੍ਰੋਡਿਊਸਰ ਨੂੰ ਵਟਸਐਪ 'ਤੇ ਗੈਂਗਸਟਰ ਨੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 20 ਲੱਖ ਦੀ ਮੰਗ ਕੀਤੀ। ਸਵੇਰੇ ਲਗਭਗ 4 ਵਜੇ ਮੁੜ ਆਰੋਪੀ ਨੇ ਕਾਲ ਕਰਕੇ ਪੈਸਿਆਂ ਦਾ ਇੰਤਜ਼ਾਮ ਕਰਨ ਨੂੰ ਕਿਹਾ। ਉਸ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹ ਜ਼ਿੰਦਾ ਨਹੀਂ ਬਚੇਗਾ। ਸੰਦੀਪ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਸੰਦੀਪ ਦੇ ਬਿਆਨ ਦਰਜ ਕੀਤੇ। ਸੰਦੀਪ ਨੂੰ ਜਿਸ ਨੰਬਰ ਤੋਂ ਵਟਸਐਪ 'ਤੇ ਧਮਕੀ ਭਰਿਆ ਫੋਨ ਆਇਆ ਸੀ, ਉਹ ਨੰਬਰ ਵੀ ਪੁਲਸ ਨੂੰ ਦੱਸਿਆ। ਪੁਲਸ ਹੁਣ ਉਸ ਨੰਬਰ ਦਾ ਰਿਕਾਰਡ ਕੱਢਣ 'ਤੇ ਲੱਗੀ ਹੋਈ ਹੈ। ਉਧਰ ਪੁਲਸ ਪੀ. ਆਰ. ਓ. ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ।


Tags: Rehaan Record Music CompanySandeep Rehaanਰਿਹਾਨ ਰਿਕਾਰਡਸ ਮਿਊਜ਼ਿਕ ਕੰਪਨੀਸੰਦੀਪ ਰਿਹਾਨਗੈਂਗਸਟਰ

Edited By

Sunita

Sunita is News Editor at Jagbani.