ਮੁੰਬਈ (ਬਿਊਰੋ)- ਬਾਲੀਵੁੱਡ ਦੇ ਮਾਚੋਮੈਨ ਸੰਜੇ ਦੱਤ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਹੁਣ ਕਾਫੀ ਪ੍ਰੋਫੈਸ਼ਨਲ ਹੋ ਗਈ ਹੈ ਅਤੇ ਹੁਣ ਇਥੇ ਪਹਿਲਾਂ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਸੰਜੇ ਦੱਤ ਚਾਰ ਦਹਾਕਿਆਂ ਤੋਂ ਫਿਲਮ ਇੰਡਸਟਰੀ ’ਚ ਹਨ ਅਤੇ ਉਨ੍ਹਾਂ ਨੇ ਫਿਲਮੀ ਕਰੀਅਰ ’ਚ ਵੰਨ-ਸੁਵੰਨੇ ਕਿਰਦਾਰ ਨਿਭਾਏ ਹਨ। ਉਨ੍ਹਾਂ ਵੱਲੋਂ ਨਿਭਾਏ ਗਏ ਹਰ ਕਿਰਦਾਰ ਨੂੰ ਜਨਤਾ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।

ਉਹ ਹਰ ਕਿਰਦਾਰ ’ਚ ਫਿੱਟ ਨਜ਼ਰ ਆਉਂਦੇ ਹਨ। ਇਸ ਸਮੇਂ ਉਨ੍ਹਾਂ ਦੀਆਂ ਕਈ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਸੰਜੇ ਦੱਤ ਨੇ 80 ਅਤੇ 90 ਦੇ ਦਹਾਕਿਆਂ ਬਾਰੇ ਕਹਿੰਦਿਆਂ ਕਿਹਾ ਕਿ ਉਹ ਸਮਾਂ ਬਹੁਤ ਵੱਖਰਾ ਸੀ, ਹੁਣ ਪਹਿਲਾਂ ਵਰਗੀ ਗੱਲ ਨਹੀਂ ਹੈ। ਉਸ ਸਮੇਂ ਸਨਅਤ ’ਚ ਖਿੱਚ ਸੀ ਅਤੇ ਲੋਕਾਂ ’ਚ ਗਰਮ ਜੋਸ਼ੀ ਸੀ। ਪਹਿਲਾਂ ਅਸੀਂ ਕਈ ਫਿਲਮਾਂ ’ਚ ਰਿਸ਼ਤਿਆਂ ਲਈ ਕੰਮ ਕਰਦੇ ਸੀ ਨਾ ਕਿ ਫਿਲਮ ਜਾਂ ਰੋਲ ਲਈ। ਅੱਜ ਦੇ ਸਮੇਂ ’ਚ ਅਜਿਹਾ ਸ਼ਾਇਦ ਹੀ ਕਦੇ ਹੁੰਦਾ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ’ਚ ‘ਸ਼ਮਸ਼ੇਰਾ’ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ਅਤੇ ‘ਸੜਕ-2’ ਵਰਗੀਆਂ ਫਿਲਮਾਂ ਸ਼ਾਮਲ ਹਨ।