ਮੁੰਬਈ : ਬਾਲੀਵੁੱਡ ਦੇ ਨਾਮੀ ਫਿਲਮਕਾਰ ਸੁਭਾਸ਼ ਘਈ ਆਪਣੀ ਫਿਲਮ 'ਖਲਨਾਇਕ' ਦਾ ਸੀਕਵਲ ਅਦਾਕਾਰ ਸੰਜੇ ਦੱਤ ਨਾਲ ਹੀ ਬਣਾਉਣਗੇ। ਇਹ ਦੋਵੇਂ ਮਿਲਕੇ ਇਸ ਫਿਲਮ ਦਾ ਨਿਰਮਾਣ ਕਰਨਗੇ। ਸੁਭਾਸ਼ ਘਈ ਨੇ ਦੱਸਿਆ, ''ਅਸੀਂ ਸੀਕਵਲ ਦਾ ਨਿਰਮਾਣ ਕਰਨ ਲਈ ਇਕ ਐਗਰੀਮੈਂਟ ਸਾਈਨ ਕੀਤਾ ਹੈ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ 'ਚ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗੀ। ਜਦੋਂ ਸੰਜੇ ਦੱਤ ਨੂੰ ਪੈਰੋਲ 'ਤੇ ਜ਼ਮਾਨਤ ਮਿਲੀ ਸੀ ਤਾਂ ਇਸ ਫਿਲਮ ਬਾਰੇ ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ। ਸੰਜੇ ਨੇ ਫਿਲਮ ਦੇ ਬੈਕਗ੍ਰਾਉੂਂਡ ਮਿਊਜ਼ਿਕ ਲਈ ਇਕ ਸਾਊਂਡਟ੍ਰੈਕ ਵੀ ਬਣਾਇਆ ਸੀ, ਜੋ ਮੈਨੂੰ ਕਾਫੀ ਪਸੰਦ ਆਇਆ ਸੀ। ਮੈਂ ਫਿਲਮਾਂ ਪ੍ਰਤੀ ਸੰਜੇ ਦੀ ਦੀਵਾਨਗੀ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ।'' ਘਈ ਨੇ ਇਸ ਫਿਲਮ ਨਾਲ ਜੁੜੇ ਕੁਝ ਨਵੇਂ ਬਦਲਾਅ ਵੀ ਸਾਂਝੇ ਕੀਤੇ।
ਉਨ੍ਹਾਂ ਅੱਗੇ ਕਿਹਾ, ''ਇਸ ਦੀ ਕਹਾਣੀ ਅੱਜ ਦੇ ਦਰਸ਼ਕਾਂ ਮੁਤਾਬਕ ਹੋਵੇਗੀ। ਇਸ 'ਚ ਪਿਛਲੀ ਫਿਲਮ ਦਾ ਟਾਈਟਲ ਗੀਤ 'ਨਾਇਕ ਨਹੀਂ ਖਲਨਾਇਕ ਹੂੰ ਮੈਂ...' ਦੁਹਰਾਇਆ ਜਾਵੇਗਾ ਪਰ 'ਚੋਲੀ ਕੇ ਪਿੱਛੇ ਕਿਆ ਹੈ' ਬਾਰੇ 'ਚ ਅਜੇ ਕੁਝ ਤੈਅ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਗੀਤ ਕਾਰਨ ਸੁਭਾਸ਼ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸੁਭਾਸ਼ ਘਈ ਇਸ ਫਿਲਮ ਦੇ ਨਿਰਦੇਸ਼ਨ ਲਈ ਕਿਸੇ ਨਵੇਂ ਨਿਰਦੇਸ਼ਕ ਨੂੰ ਚੁਣਨਗੇ। ਇਸ ਫਿਲਮ ਦੀ ਕਹਾਣੀ ਪਿਛਲੀ ਫਿਲਮ ਦੇ ਅੰਤ ਤੋਂ ਹੀ ਸ਼ੁਰੂ ਹੋਵੇਗੀ, ਜਿੱਥੇ ਬੱਲੂ ਬਲਰਾਮ (ਸੰਜੇ ਦੱਤ) ਕੋਰਟ 'ਚ ਆਤਮ ਸਮਰਪਣ ਕਰਦਾ ਹੈ।