ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੰਜੂ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ ਚਾਰ ਹਫਤੇ ਬੀਤ ਚੁੱਕੇ ਹਨ। ਇਹ ਫਿਲਮ ਘਰੇਲੂ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 202.51 ਕਰੋੜ, ਦੂਜੇ ਹਫਤੇ 92.67 ਕਰੋੜ, ਤੀਜੇ ਹਫਤੇ 31.62 ਕਰੋੜ ਅਤੇ ਚੌਥੇ ਹਫਤੇ 10.48 ਕਰੋੜ ਦੀ ਕਮਾਈ ਕਰ ਲਈ ਹੈ।ਫਿਲਮ ਨੇ ਕੁੱਲ ਮਿਲਾ ਕੇ 28 ਦਿਨਾਂ 'ਚ 337.28 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ 'ਸੰਜੂ' ਬਹੁਤ ਜਲਦ ਹੀ ਬਾਕਸ ਆਫਿਸ 'ਤੇ 'ਟਾਈਗਰ ਜ਼ਿੰਦਾ ਹੈ' ਅਤੇ 'ਪੀ. ਕੇ.' ਦੀ ਕਮਾਈ ਦਾ ਰਿਕਾਰਡ ਤੋੜਨ ਵਾਲੀ ਹੈ। ਰਣਬੀਰ ਦੀ ਇਸ ਫਿਲਮ ਨੂੰ ਭਾਰਤ 'ਚ 4,000 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 1,300 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦੇ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।