ਮੁੰਬਈ (ਬਿਊਰੋ)— ਫਿਲਮ 'ਸੰਜੂ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਸੰਜੇ ਦੱਤ ਦੀ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਤੋਂ ਲੈ ਕੇ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤਿਆਂ ਨੂੰ ਦਿਖਾਇਆ ਗਿਆ ਹੈ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟਰੇਲਰ ਦੇ ਇਕ ਸੀਨ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ। ਸੰਜੇ ਦੱਤ ਜਿਸ ਜੇਲ 'ਚ ਸਨ, ਉਸ ਜੇਲ ਦੇ ਟਾਇਲੇਟ ਦੀ ਬੁਰੀ ਹਾਲਤ ਦਾ ਜ਼ਿਕਰ ਕਰਦਿਆਂ ਇਕ ਸੀਨ ਸੀ, ਜਿਸ ਨੂੰ ਤਾਜ਼ਾ ਸੂਤਰਾਂ ਮੁਤਾਬਕ ਸੈਂਸਰ ਬੋਰਡ ਨੇ ਫਿਲਮ ਤੋਂ ਹਟਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਟਰੇਲਰ ਤੋਂ ਬਾਅਦ ਫਿਲਮ ਦੀ ਫਾਈਨਲ ਐਡਿਟਿੰਗ 'ਚ ਟਾਇਲੇਟ ਓਵਰਫਲੋਅ ਵਾਲੇ ਸੀਨ ਨੂੰ ਹਟਾ ਦਿੱਤਾ ਗਿਆ ਹੈ। ਸੀਨ ਨੂੰ ਹਟਾਏ ਜਾਣ ਦੇ ਕਾਰਨਾਂ ਨੂੰ ਗੁਪਤ ਰੱਖਿਆ ਗਿਆ ਹੈ। ਪਿਛਲੇ ਹਫਤੇ ਫਿਲਮ ਨੂੰ ਸੈਂਸਰ ਬੋਰਡ ਦੇ ਸਾਹਮਣੇ ਦਿਖਾਇਆ ਗਿਆ। ਸੈਂਸਰ ਬੋਰਡ ਨੇ ਫਿਲਮ ਨੂੰ ਇਕ ਕੱਟ ਸੀਨ ਦੇ ਨਾਲ ਯੂ/ਏ ਸਰਟੀਫਿਕੇਟ ਦਿੱਤਾ।
ਜਿਸ ਇਕੋ-ਇਕ ਸੀਨ ਨੂੰ ਹਟਾਇਆ ਗਿਆ, ਉਹ 1993 'ਚ ਜੇਲ ਦੌਰਾਨ ਮਾਨਸੂਨ ਦੇ ਸਮੇਂ ਦਾ ਹੈ। ਇਕ ਦਿਨ ਸੰਜੇ ਦੀ ਬੈਰਕ 'ਚ ਭਾਰੀ ਮੀਂਹ ਕਾਰਨ ਟਾਇਲੇਟ ਦਾ ਪਾਣੀ ਵਹਿਣ ਲੱਗਾ ਸੀ। ਸੀਨ ਬਾਰੇ ਗੱਲ ਕਰਦਿਆਂ ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਸੀਨ ਦੇ ਖਿਲਾਫ ਐਕਟੀਵਿਸਟ ਪ੍ਰਿਥਵੀ ਮਾਕਸੇ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਦਾ ਕਹਿਣਾ ਸੀ ਕਿ ਇਸ ਸੀਨ ਨਾਲ ਹਰ ਜਗ੍ਹਾ 'ਜੇਲ ਅਥਾਰਟੀ ਆਫ ਇੰਡੀਆ' ਦੀ ਬਦਨਾਮੀ ਹੋਵੇਗੀ।
ਪ੍ਰਿਥਵੀ ਨੇ ਇਕ ਇੰਟਰਵਿਊ 'ਚ ਕਿਹਾ ਸੀ, 'ਮੈਂ ਸੈਂਸਰ ਬੋਰਡ ਨਾਲ ਲਗਾਤਾਰ ਸੰਪਰਕ 'ਚ ਬਣਿਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਇਸ ਵਿਸ਼ੇ 'ਚ 'ਸੰਜੂ' ਦੇ ਫਿਲਮਕਾਰਾਂ ਨਾਲ ਗੱਲ ਕਰ ਰਹੇ ਹਨ। ਪ੍ਰਿਥਵੀ ਨੇ ਦੱਸਿਆ ਕਿ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਦੇ ਸਾਈਨ ਦੇ ਨਾਲ ਸੀਨ ਨੂੰ ਕੱਟੇ ਜਾਣ ਦੀ ਜਾਣਕਾਰੀ ਮੈਨੂੰ ਦੇ ਦਿੱਤੀ ਗਈ ਪਰ ਸੀਨ ਦੇ ਹਟਾਏ ਜਾਣ ਦੇ ਕਾਰਨਾਂ ਨੂੰ ਗੁਪਤ ਰੱਖਿਆ ਗਿਆ।'