ਮੁੰਬਈ(ਬਿਊਰੋ)— ਅਦਾਕਾਰਾ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ 'ਕੇਦਾਰਨਾਥ' ਅੱਜਕਲ ਕਾਫੀ ਚਰਚਾ 'ਚ ਹੈ। ਇਹ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਦੇ ਵਿਵਾਦ 'ਚ ਉਲਝ ਗਈ ਸੀ ਪਰ ਇਸ ਵਿਚਕਾਰ 'ਕੇਦਾਰਨਾਥ' ਦੀ ਉਡੀਕ ਕਰ ਰਹੇ ਦਰਸ਼ਕਾਂ ਲਈ ਇਕ ਚੰਗੀ ਖਬਰ ਆਈ ਹੈ।
ਬੀਤੇ ਦਿਨੀਂ ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਪ੍ਰੋਡਕਸ਼ਨ ਹਾਊਸ KriArj Entertainment ਵਿਚਕਾਰ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਫਿਲਮ ਦੀ ਸ਼ੂਟਿੰਗ ਨੂੰ ਵਿਚਕਾਰ ਹੀ ਰੋਕਣਾ ਪਿਆ। ਪਰ ਹੁਣ ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਪ੍ਰੋਡਕਸ਼ਨ ਹਾਊਸ KriArj Entertainment ਦੀ ਨਿਰਮਾਤਾ ਪ੍ਰੇਰਣਾ ਅਰੋੜਾ ਵਿਚਕਾਰ ਸੁਲਹ ਹੋ ਗਈ ਹੈ, ਜਿਸ ਨਾਲ ਫਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਨਿਰਮਾਤਾ ਪ੍ਰੇਰਣਾ ਅਰੋੜਾ ਤੇ ਅਭਿਸ਼ੇਕ ਕਪੂਰ ਵਿਚਕਾਰ ਉਸ ਸਮੇਂ ਵਿਵਾਦ ਸ਼ੁਰੂ ਹੋ ਗਿਆ ਸੀ, ਜਦੋਂ ਨਿਰਦੇਸ਼ਕ ਅਭਿਸ਼ੇਕ ਨੇ ਫਿਲਮ 'ਕੇਦਾਰਨਾਥ' ਦੀ ਪ੍ਰੋਡਕਸ਼ਨ ਕੰਪਨੀ ਦੀ ਸਲਾਹ ਦੇ ਬਿਨਾਂ ਹੀ ਸੋਸ਼ਲ ਮੀਡੀਆ 'ਤੇ ਫਿਲਮ ਦੀ ਰਿਲੀਜ਼ ਡੇਟ 21 ਦਸੰਬਰ ਕਰਨ ਦਾ ਐਲਾਨ ਕਰ ਦਿੱਤਾ ਸੀ।
ਅਭਿਸ਼ੇਕ ਕਪੂਰ ਦੇ ਇਸ ਫੈਸਲੇ ਤੋਂ ਬਾਅਦ ਪ੍ਰੇਰਣਾ ਅਰੋੜਾ ਨੇ ਹਾਈ ਕੋਰਟ ਜਾਣ ਤੱਕ ਦਾ ਫੈਸਲਾ ਕਰ ਲਿਆ ਸੀ। ਫਿਲਹਾਲ ਹੁਣ ਨਿਰਦੇਸ਼ਕ ਤੇ ਨਿਰਮਾਤਾ ਵਿਚਕਾਰ ਵਿਵਾਦ ਖਤਮ ਹੁੰਦਾ ਦਿਖ ਰਿਹਾ ਹੈ। ਇਕ ਵਾਰ ਫਿਰ ਤੋਂ ਦੋਹਾਂ ਨੇ 'ਕੇਦਾਰਨਾਥ' ਦੀ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।