ਜਲੰਧਰ (ਬਿਊਰੋ) — ਪਿੰਡ ਟਿੱਬੇ (ਨੇੜੇ ਸ਼ੇਰਪੁਰ) ਦੀਆਂ ਗਲੀਆਂ 'ਚ ਖੇਡ ਕੇ ਜਵਾਨ ਹੋਏ ਪਰਮਜੀਤ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਇਹ ਚੁੱਪ ਕੀਤਾ ਜਿਹਾ ਮੁੰਡਾ ਇਕ ਦਿਨ ਫਿਲਮੀ ਪਰਦੇ 'ਤੇ ਸਰਦਾਰ ਸੋਹੀ ਬਣ ਕੇ ਸਰਦਾਰੀ ਕਾਇਮ ਕਰੇਗਾ।
ਪਰਮਜੀਤ ਤੋਂ ਸਰਦਾਰ ਸੋਹੀ ਬਣਨ ਦਾ ਸਫਰ
ਪਰਮਜੀਤ ਤੋਂ ਸਰਦਾਰ ਸੋਹੀ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸੋਹੀ, ਹਰਪਾਲ ਟਿਵਾਣਾ ਦਾ ਚੰਡਿਆ ਚੇਲਾ ਹੈ। ਉਸ ਨੇ ਹਰਪਾਲ ਟਿਵਾਣਾ ਦੀ ਨਾਟਸ਼ਾਲਾ 'ਚ 12 ਸਾਲ ਸ਼ਾਗਿਰਦੀ ਕੀਤੀ ਤਾਂ ਕਿਤੇ ਜਾ ਕੇ ਹਰਪਾਲ ਟਿਵਾਣਾ ਨੇ ਉਸ ਨੂੰ ਸਰਦਾਰ ਸੋਹੀ ਦਾ ਨਾਂ ਦਿੱਤਾ।
ਹਰ ਕਿਰਦਾਰ 'ਚ ਅਦਾਕਾਰੀ ਨਾਲ ਪਾਉਂਦੇ ਨੇ ਜਾਨ
ਅੱਜ ਸਰਦਾਰ ਸੋਹੀ ਇਕ ਸਫਲ ਚਰਿੱਤਰ ਅਭਿਨੇਤਾ ਹਨ। ਕਈ ਦ੍ਰਿਸ਼ਾਂ 'ਚ ਉਹ ਆਪ ਨਹੀਂ ਬੋਲਦੇ, ਉਨ੍ਹਾਂ ਦੀ ਅਦਾਕਾਰੀ ਬੋਲਦੀ ਹੈ। ਰੋਹਬਦਾਰ ਕਿਰਦਾਰਾਂ ਨਾਲ ਖੇਡਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਭਾਵੇਂ ਪੁਲਸ ਅਫਸਰ ਹੋਵੇ ਜਾਂ ਵੈਲੀਪੁਣੇ ਵਾਲਾ, ਹਰ ਕਿਰਦਾਰ 'ਚ ਜਾਨ ਪਾਉਣਾ ਉਨ੍ਹਾਂ ਦੀ ਕਲਾਕਾਰੀ ਦਾ ਰੰਗ ਹੈ।
ਫਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖਦੇ ਨੇ
ਦਰਜਨਾਂ ਫਿਲਮਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਸਰਦਾਰ ਸੋਹੀ ਨੇ ਅਨੇਕਾਂ ਫਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖੇ।
ਨਿਆਣੀ ਉਮਰੇ ਲੱਗਾ ਅਦਾਕਾਰੀ ਦਾ ਸ਼ੌਕ
ਸਰਦਾਰ ਸੋਹੀ ਨੂੰ ਕਲਾ ਰੂਪੀ ਜਾਗ ਨਿਆਣੀ ਉਮਰੇ ਹੀ ਲੱਗਿਆ। ਉਨ੍ਹਾਂ ਦਾ ਪਿੰਡ ਟਿੱਬਾ (ਨਾਨਕਾ ਪਿੰਡ) ਕਾਮਰੇਡਾਂ ਦਾ ਪਿੰਡ ਰਿਹਾ ਹੈ। ਲੋਕ ਲਹਿਰ ਦੇ ਸਿਰਕੱਢ ਬੁਲਾਰਿਆਂ ਤੇ ਸੰਗੀਤਕ ਕਾਮਰੇਡੀ ਡਰਾਮੇ ਕਰਨ ਵਾਲਿਆਂ ਦਾ ਇੱਥੇ ਬਹੁਤ ਆਉਣਾ-ਜਾਣਾ ਸੀ। ਜਲਾਲਦੀਵਾਲ ਵਾਲਾ ਦਲੀਪ ਸਿੰਘ ਮਸਤ ਕਹਿੰਦਾ-ਕਹਾਉਂਦਾ ਕਾਮਰੇਡ ਬੁਲਾਰਾ ਸੀ, ਜੋ ਅਕਸਰ ਮੇਰੇ ਨਾਨਾ ਜੀ ਕੋਲ ਆਉਂਦੇ ਸਨ। 'ਬਾਹਰਲੇ ਘਰ' ਵੱਜਦੇ ਤੂੰਬੀ-ਢੋਲਕੀ ਵਾਲੇ ਮਾਹੌਲ ਨੇ ਮੈਨੂੰ ਵੀ ਪ੍ਰਭਾਵਿਤ ਕੀਤਾ। ਇਸੇ ਸਦਕਾ ਮੈਂ ਸਕੂਲ 'ਚ ਗਾਉਣ ਲੱਗਾ। ਸ਼ਨੀਵਾਰ ਦੀ ਸਭਾ 'ਚ ਮੈਂ 'ਚਾਹ ਦੇ ਨਸ਼ੇ' ਬਾਰੇ ਗੀਤ ਗਾਉਂਦਾ, ਜੋ ਬਹੁਤ ਸਲਾਹਿਆ ਜਾਂਦਾ। ਉਦੋਂ ਆਮ ਚਰਚਾ ਸੀ ਕਿ ਅੰਗਰੇਜ਼ ਜਾਣ ਲੱਗੇ ਦੁੱਧ-ਲੱਸੀਆਂ ਪੀਣ ਵਾਲੇ ਪੰਜਾਬੀਆਂ ਨੂੰ ਚਾਹ ਦੇ ਅਮਲ 'ਤੇ ਲਾ ਗਏ।
ਸਕੂਲੀ ਦੌਰ ਦੌਰਾਨ ਪਿਆ ਫਿਲਮਾਂ ਦੇਖਣ ਦਾ ਸ਼ੌਕ
ਸਕੂਲ-ਕਾਲਜ 'ਚ ਪੜ੍ਹਦਿਆਂ ਸੋਹੀ ਨੂੰ ਫਿਲਮਾਂ ਦੇਖਣ ਦਾ ਸ਼ੌਕ ਪੈ ਗਿਆ, ਜਿਸ ਨਾਲ ਉਸ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗਾ ਤੇ ਇਹੀ ਉਸ ਨੂੰ ਮੁੰਬਈ ਲੈ ਗਿਆ ਪਰ ਉਸ ਅੰਦਰਲਾ ਕਲਾਕਾਰ ਅਜੇ ਕੱਚਾ ਸੀ। ਉਸਤਾਦ ਗੁਰੂ ਦਾ ਜਾਗ ਨਹੀਂ ਸੀ ਲੱਗਾ, ਇਸ ਕਰਕੇ ਉਹ ਕੁਝ ਮਹੀਨੇ ਖੱਜਲ-ਖੁਆਰ ਹੋ ਕੇ ਪਿੰਡ ਮੁੜ ਆਇਆ ਤੇ ਹਲ ਦਾ ਮੁੰਨਾ ਫੜ੍ਹ ਬਾਪੂ ਨਾਲ ਖੇਤ ਦੀਆਂ ਵੱਟਾਂ ਮਿੱਧਣ ਲੱਗਾ। ਬਾਪੂ ਨੇ ਉਸ ਦਾ ਉਦਾਸ ਚਿਹਰਾ ਪੜ੍ਹ ਕੇ ਕਿਹਾ, ਜੇ ਤੇਰਾ ਮਨ ਐਕਟਰ ਬਣਨ ਦਾ ਹੀ ਹੈ ਤਾਂ ਜਾਹ, ਆਪਣੀ ਮੰਜ਼ਿਲ ਲੱਭ ਲੈ, ਪਰ ਕੁਝ ਬਣ ਕੇ ਮੁੜੀਂ।
ਬਾਪ ਨੇ ਦਿੱਤੀ ਪੁੱਤਰ ਦੀ ਕਲਾ ਨੂੰ ਉਡਾਰੀ ਮਾਰਨ ਦੀ ਖੁੱਲ੍ਹ
ਸਰਦਾਰ ਸੋਹੀ ਦਾ ਬਾਪੂ ਇਕ ਸੁਲਝਿਆ ਬੰਦਾ ਸੀ। ਅੰਗਰੇਜ਼ਾਂ ਦੇ ਵੇਲੇ ਉਹ ਫੌਜ 'ਚ ਵੈਦਗਿਰੀ ਦੀ ਨੌਕਰੀ ਕਰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਉਰਦੂ, ਫਾਰਸੀ ਤੇ ਪੰਜਾਬੀ ਸਮੇਤ ਕਈ ਜ਼ੁਬਾਨਾਂ ਦਾ ਗਿਆਨ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਭਾਵਨਾਵਾਂ ਨੂੰ ਪੜ੍ਹਿਆ ਤੇ ਉਨ੍ਹਾਂ ਨੂੰ ਕਲਾ ਦੇ ਅਸਮਾਨ 'ਚ ਉਡਾਰੀ ਮਾਰਨ ਦੀ ਖੁੱਲ੍ਹ ਦੇ ਦਿੱਤੀ।
ਇਨ੍ਹਾਂ ਨਾਟਕਾਂ 'ਚ ਕਰ ਚੁੱਕੈ ਕੰਮ
ਆਪਣੀ ਮੰਜ਼ਿਲ ਦੀ ਤਲਾਸ਼ 'ਚ ਤੁਰਦੇ-ਫਿਰਦੇ ਸੋਹੀ ਨੂੰ ਉਸ ਦੇ ਇਕ ਖਾਸ ਮਿੱਤਰ ਨੇ ਹਰਪਾਲ ਟਿਵਾਣਾ ਦੇ ਦਰ ਦਾ ਕੁੰਡਾ ਖੜਕਾਉਣ ਦੀ ਸਲਾਹ ਦਿੱਤੀ। ਕਰੜੇ ਇਮਤਿਹਾਨਾਂ 'ਚੋਂ ਲੰਘਦਿਆਂ, ਜੀ ਹਜ਼ੂਰੀ ਕਰਦਿਆਂ ਸੋਹੀ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਉਨ੍ਹਾਂ ਨੇ 'ਹਿੰਦ ਦੀ ਚਾਦਰ', 'ਚਮਕੌਰ ਦੀ ਗੜ੍ਹੀ', 'ਰਮਾਇਣ', 'ਦੀਵਾ ਬਲੇ ਸਾਰੀ ਰਾਤ', 'ਲੌਂਗ ਦਾ ਲਿਸ਼ਕਾਰਾ', 'ਮੇਲਾ ਮੁੰਡੇ ਕੁੜੀਆਂ ਦਾ', 'ਮੱਸਿਆ ਦੀ ਰਾਤ', 'ਚੰਡੀਗੜ੍ਹ ਮੁਸੀਬਤਾਂ ਦਾ ਘਰ', 'ਲੋਹਾ ਕੁੱਟ' ਆਦਿ ਨਾਟਕਾਂ 'ਚ ਵੱਖ-ਵੱਖ ਕਿਰਦਾਰ ਖੇਡੇ।
'ਲੌਂਗ ਦਾ ਲਿਸ਼ਕਾਰਾ' ਨਾਲ ਕੀਤੀ ਫਿਲਮੀ ਕਰੀਅਰ ਦੀ ਸ਼ੁਰੂਆਤ
ਸਰਦਾਰ ਸੋਹੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਵੀ ਹਰਪਾਲ ਟਿਵਾਣਾ ਦੀ ਫਿਲਮ 'ਲੌਂਗ ਦਾ ਲਿਸ਼ਕਾਰਾ' (1983) ਤੋਂ ਕੀਤੀ। ਉਨ੍ਹਾਂ ਦੀ ਦੂਜੀ ਫਿਲਮ 'ਦੀਵਾ ਬਲੇ ਸਾਰੀ ਰਾਤ' ਨੇ ਸਰਦਾਰ ਸੋਹੀ ਨੂੰ ਉਸੇ ਮੁੰਬਈ ਪਹੁੰਚਾ ਦਿੱਤਾ, ਜਿੱਥੋਂ ਕਦੇ ਉਹ ਨਿਰਾਸ਼ ਹੋ ਕੇ ਪਰਤੇ ਸਨ।
ਹਿੰਦੀ ਫਿਲਮਾਂ 'ਚ ਵੀ ਅਜਮਾ ਚੁੱਕੇ ਨੇ ਕਿਸਮਤ
ਗੁਲਜ਼ਾਰ ਦੇ ਨਾਟਕ 'ਮਿਰਜਾ ਗਾਲਿਬ' ਸਮੇਤ ਕਈ ਚਰਚਿਤ ਲੜੀਵਾਰਾਂ 'ਚ ਕੰਮ ਕਰਨ ਤੋਂ ਇਲਾਵਾ ਕਈ ਹਿੰਦੀ ਫਿਲਮਾਂ- 'ਵਾਰਿਸ', 'ਵਿਜੈ ਸ਼ਕਤੀ', 'ਐਲਾਨ', 'ਪਿਆਸੀ ਨਿਗਾਹੇ', 'ਦਿਵਿਆ ਸ਼ਕਤੀ', 'ਸ਼ਹੀਦ ਭਗਤ ਸਿੰਘ', 'ਹਵਾਏਂ' ਅਤੇ 'ਕਾਫਲਾ' ਕੀਤੀਆਂ। ਪੰਜਾਬੀ ਫਿਲਮਾਂ 'ਚ ਚੰਗਾ ਕੰਮ ਨਾ ਹੋਣ ਕਰਕੇ ਉਹ ਕਈ ਸਾਲ ਪੰਜਾਬੀ ਫਿਲਮਾਂ ਤੋਂ ਦੂਰ ਹੀ ਰਹੇ।
ਪੰਜਾਬੀ ਫਿਲਮ ਇੰਡਸਟਰੀ ਮਕੂਬਲ ਹੋਏ ਸੋਹੀ ਦਾ ਨਾਂ
1997 'ਚ ਆਈ ਪੰਜਾਬੀ ਫਿਲਮ 'ਮੇਲਾ' ਨਾਲ ਉਹ ਪੰਜਾਬੀ ਫਿਲਮਾਂ ਲਈ ਮੁੜ ਸਰਗਰਮ ਹੋਏ। ਫਿਰ ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਬਾਗੀ' 'ਚ ਉਨ੍ਹਾਂ ਦੀ ਅਦਾਕਾਰੀ ਪੂਰੇ ਜਲੌਅ 'ਤੇ ਰਹੀ। 'ਖੇਲ ਤਕਦੀਰਾਂ ਦੇ', 'ਲੱਗਦਾ ਇਸ਼ਕ ਹੋ ਗਿਆ', 'ਜਿਹਨੇ ਮੇਰਾ ਦਿਲ ਲੁੱਟਿਆ', 'ਜੱਟ ਜੇਮਸ਼ ਬਾਂਡ', 'ਕੈਰੀ ਆਨ ਜੱਟਾ', 'ਸਾਬ੍ਹ ਬਹਾਦਰ', 'ਦੁੱਲਾ ਭੱਟੀ', 'ਨਿੱਕਾ ਜੈਲਦਾਰ 2', 'ਆਟੇ ਦੀ ਚਿੜੀ', 'ਸੂਬੇਦਾਰ ਜੋਗਿੰਦਰ ਸਿੰਘ', 'ਕੌਮ ਦੇ ਹੀਰੇ', 'ਮੋਟਰ ਮਿੱਤਰਾਂ ਦੀ', 'ਬਲੱਡ ਸਟਰੀਟ', 'ਸਰਦਾਰ ਮੁਹੰਮਦ' ਆਦਿ ਦਰਜਨਾਂ ਚਰਚਿਤ ਪੰਜਾਬੀ ਫਿਲਮਾਂ 'ਚ ਯਾਦਗਰੀ ਕਿਰਦਾਰ ਨਿਭਾਏ।
ਜਿੱਤ ਚੁੱਕੇ ਨੇ ਕਈ ਐਵਾਰਡਜ਼
ਆਪਣੀ ਜ਼ਿੰਦਗੀ 'ਚ ਮਸਤ ਰਹਿਣ ਵਾਲੇ ਸਰਦਾਰ ਸੋਹੀ ਪੰਜਾਬ ਦੀ ਮਿੱਟੀ ਨਾਲ ਜੁੜੇ ਕਲਾਕਾਰ ਹੈ। ਉਨ੍ਹਾਂ ਨੂੰ ਚੰਗੀ ਅਦਾਕਾਰੀ ਦੀਆਂ ਵੱਖ-ਵੱਖ ਵੰਨਗੀਆਂ 'ਚ ਬਿਹਤਰੀਨ ਅਦਾਕਾਰੀ ਬਦਲੇ ਵਿਸ਼ੇਸ਼ ਐਵਾਰਡ ਵੀ ਮਿਲੇ। ਉਂਝ ਉਨ੍ਹਾਂ ਦਾ ਕਹਿਣਾ ਹੈ ਕਿ ਸਿਨੇਮਾ ਹਾਲ 'ਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਨ੍ਹਾਂ ਦੇ ਅਸਲ ਐਵਾਰਡ ਹੁੰਦੇ ਹਨ।