ਜਲੰਧਰ (ਬਿਊਰੋ)— ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਉਹ ਜੋੜੀ ਹੈ, ਜਿਸ ਨੇ ਪੰਜਾਬ ਦੇ ਹਰ ਘਰ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਦੋਵਾਂ ਦੀ ਗਾਇਕੀ ਦੇ ਨਾਲ-ਨਾਲ ਇਨ੍ਹਾਂ ਦੇ ਪਿਆਰ ਦੀਆਂ ਲੋਕ ਮਿਸਾਲਾਂ ਦਿੰਦੇ ਹਨ। ਲੰਘੀ 30 ਜਨਵਰੀ, 2019 ਨੂੰ ਦੋਵਾਂ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ।
ਖਾਸ ਗੱਲ ਇਹ ਹੈ ਕਿ ਸਰਦੂਲ ਸਿਕੰਦਰ ਤੇ ਅਮਰ ਨੂਰੀ ਨੇ ਵਿਆਹ ਦੀ ਇਹ ਸਿਲਵਰ ਜੁਬਲੀ ਮੱਕਾ ਸ਼ਰੀਫ ਤੇ ਮਦੀਨਾ ਸ਼ਰੀਫ ਵਿਖੇ ਉਮਰਾ ਕਰਕੇ ਮਨਾਈ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੋਵਾਂ ਦੇ ਪਿਆਰ ਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਕੁਝ ਸਾਲ ਪਹਿਲਾਂ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਸੀ। ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਦੇ ਚਲਦਿਆਂ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ ਸੀ ਤੇ ਫੈਨਜ਼ ਦੀਆਂ ਦੁਆਵਾਂ ਸਦਕਾ ਦੋਵੇਂ ਬਿਲਕੁਲ ਸਿਹਤਮੰਦ ਹਨ।