ਜਲੰਧਰ (ਬਿਊਰੋ) — ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਅਤੇ ਗਾਇਕਾ ਅਮਰ ਨੂਰੀ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਸਰਦੂਲ ਸਿਕੰਦਰ ਇਸ ਵੀਡੀਓ 'ਚ ਆਖ ਰਹੇ ਹਨ, ''ਅਵਕਾਸ਼ ਮਾਨ, ਜਿਨ੍ਹਾਂ ਨੂੰ ਸਿਰਫ ਮੈਂ ਹੀ ਕਾਸ਼ੀ ਕਹਿੰਦਾ ਹਾਂ। ਜਦੋਂਕਿ ਦੁਨੀਆ ਉਸ ਨੂੰ ਅਵਕਾਸ਼ ਮਾਨ ਦੇ ਨਾਂ ਨਾਲ ਜਾਣਦੀ ਹੈ, ਬਹੁਤ ਹੀ ਸੋਹਣਾ ਗਾਉਂਦਾ ਹੈ। ਉਹ ਬਹੁਤ ਹੀ ਸੁਰੀਲਾ ਬੱਚਾ ਹੈ ਅਤੇ ਉਸ ਦਾ ਇਕ ਗੀਤ ਆਇਆ ਹੈ, ਜੋ ਕਿ ਬਹੁਤ ਹੀ ਵਧੀਆ ਹੈ ਅਤੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਦੇ ਨਾਲ ਹੀ ਸਰਦੂਲ ਸਿਕੰਦਰ ਦੀ ਪਤਨੀ ਅਤੇ ਗਾਇਕਾ ਅਮਰ ਨੂਰੀ ਨੇ ਵੀ ਅਵਕਾਸ਼ ਮਾਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਵਕਾਸ਼ ਮਾਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਚਮਕਾਵੇ।''
ਦੱਸ ਦਈਏ ਕਿ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ, ''ਦਿਲੋਂ ਸਤਿਕਾਰ ਸਰਦੂਲ ਸਿਕੰਦਰ ਭਾਜੀ ਅਤੇ ਅਮਰ ਨੂਰੀ ਭੈਣ ਜੀ, ਇਨ੍ਹਾਂ ਬੇਹੱਦ ਅਪਣੱਤ ਭਰੇ ਅਲਫਾਜ਼ਾਂ ਲਈ, ਪਰਿਵਾਰ ਦੇ ਵੱਡੇ ਮੈਂਬਰਾਂ ਦੀ ਤਰ੍ਹਾਂ ਪਿਛਲੇ ਤਕਰੀਬਨ 25-30 ਸਾਲਾਂ ਤੋਂ ਹਰ ਖੁਸ਼ੀ ਗਮੀ 'ਚ ਤੁਸੀਂ ਸਾਡੇ ਨਾਲ ਖੜ੍ਹੇ ਹੋ। ਤੁਹਾਡਾ ਇਹ ਪਿਆਰਾ ਸੁਨੇਹਾ ਅਵਕਾਸ਼ ਨੂੰ ਹੋਰ ਅੱਗੇ ਵੱਧਣ ਲਈ ਯਕੀਨਨ ਹਮੇਸ਼ਾ ਦੀ ਤਰ੍ਹਾਂ ਉਤਸ਼ਾਹਿਤ ਕਰੇਗਾ।''