ਜਲੰਧਰ (ਬਿਊਰੋ) — ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਅਤਰੋ-ਚਤਰੋ ਦੀ ਜੋੜੀ ਨੇ ਇਕ ਲੰਮਾਂ ਸਮਾਂ ਛੋਟੇ ਪਰਦੇ 'ਤੇ ਰਾਜ ਕੀਤਾ ਹੈ। ਅਤਰੋ-ਚਤਰੋ ਦਾ ਕਿਰਦਾਰ ਸਾਰਿਆਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਸੀ ਕਿਉਂਕਿ ਇਹ ਕਿਰਦਾਰ ਹਰ ਇਕ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦਾ ਸੀ। ਚਾਚੀ ਅਤਰੋ ਦਾ ਕਿਰਦਾਰ ਭਾਵੇਂ ਇਕ ਔਰਤ ਦਾ ਸੀ ਪਰ ਇਸ ਨੂੰ ਨਿਭਾਉਂਦੇ ਸਰੂਪ ਪਰਿੰਦਾ ਸਨ। ਸਰੂਪ ਪਰਿੰਦਾ ਉਹ ਸਖਸ਼ ਸਨ, ਜਿੰਨ੍ਹਾਂ ਨੇ ਲੱਗਭਗ 5 ਦਹਾਕੇ ਪੰਜਾਬੀ ਰੰਗ ਮੰਚ ਤੇ ਪਾਲੀਵੁੱਡ ਦੇ ਨਾਵੇਂ ਲਿਖ ਦਿੱਤੇ ਸਨ।
ਸਰੂਪ ਪਰਿੰਦਾ ਦਾ ਜਨਮ 1938 ਨੂੰ ਬਠਿੰਡਾ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸਰੂਪ ਸਿੰਘ ਸੀ ਪਰ ਜਦੋਂ ਉਹ ਰੰਗ ਮੰਚ 'ਤੇ ਆਏ ਤਾਂ ਉਨ੍ਹਾਂ ਨੇ ਆਪਣਾ ਨਾਂ ਸਰੂਪ ਪਰਿੰਦਾ ਰੱਖ ਲਿਆ ਸੀ, ਜਿਸ ਕਲੱਬ ਨਾਲ ਸਰੂਪ ਸਿੰਘ ਜੁੜੇ ਸਨ ਉਸ ਦੇ ਇਕ ਮੈਂਬਰ ਦਾ ਨਾਂ ਸਰੂਪ ਪੰਛੀ ਸੀ। ਇਸ ਲਈ ਉਨ੍ਹਾਂ ਦਾ ਨਾਂ ਕਲੱਬ ਦੇ ਮੈਂਬਰਾਂ ਨੇ ਸਰੂਪ ਪਰਿੰਦਾ ਰੱਖ ਦਿੱਤਾ ਸੀ।
ਉਨ੍ਹਾਂ ਨੇ ਸਾਲ 1954 'ਚ ਥਿਏਟਰ 'ਚ ਕਦਮ ਰੱਖਿਆ ਸੀ। ਪਰਿੰਦਾ ਬਚਪਨ 'ਚ ਰਾਮ ਲੀਲਾ 'ਚ ਵੱਖ-ਵੱਖ ਕਿਰਦਾਰ ਨਿਭਾਉਂਦੇ ਸਨ। ਸਰੂਪ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ 'ਚ ਵੀ ਕੰਮ ਕਰਦੇ ਰਹੇ ਹਨ। ਉਸ ਸਮੇਂ ਪਰਿੰਦਾ ਨੂੰ 5 ਰੁਪਏ ਪ੍ਰਤੀ ਸ਼ੋਅ ਮਿਲਦੇ ਸੀ। ਸਰੂਪ ਪਰਿੰਦਾ ਕਮੇਡੀ ਕਲਾਕਾਰ ਦੇ ਨਾਲ-ਨਾਲ ਭੰਗੜੇ ਦੇ ਵੀ ਚੰਗੇ ਕਲਾਕਾਰ ਸਨ ਪਰ ਸਰੂਪ ਪਰਿੰਦਾ ਦੀ ਅਸਲ ਪਛਾਣ ਉਦੋਂ ਬਣੀ ਜਦੋਂ ਸਾਲ 1988 'ਚ ਉਨ੍ਹਾਂ ਨੇ ਜਲੰਧਰ ਦੂਰਦਰਸ਼ਨ 'ਤੇ 'ਅਤਰੋ-ਚਤਰੋ' ਦੇ ਸਕਿੱਟ ਕੀਤੇ। ਚਤਰੋ ਦਾ ਰੋਲ ਉਨ੍ਹਾਂ ਦੇ ਗੁਆਂਢੀ ਸਰਵਰਗ ਵਾਸੀ ਦੇਸਰਾਜ ਨੇ ਨਿਭਾਇਆ ਸੀ।
ਦੱਸ ਦਈਏ ਕਿ 80 ਦੇ ਦਹਾਕੇ 'ਚ ਅਤਰੋ-ਚਤਰੋ ਦੀ ਜੋੜੀ ਇੰਨੀ ਜ਼ਿਆਦਾ ਹਿੱਟ ਹੋਈ ਸੀ ਕਿ ਬਾਅਦ 'ਚ ਇਸ ਜੋੜੀ ਦੇ ਨਾਂ 'ਤੇ ਕੱਪੜੇ ਵੀ ਵਿੱਕਣ ਲੱਗ ਗਏ ਸਨ। ਸਰੂਪ ਪਰਿੰਦਾ ਨੇ ਲਗਭਗ 30 ਫੀਚਰ ਫਿਲਮਾਂ ਤੇ 50 ਟੈਲੀ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਕਮਾਲ ਦਿਖਾਇਆ। ਇਸ ਤੋਂ ਇਲਾਵਾ ਸਰੂਪ ਪਰਿੰਦਾ ਟੈਲੀਵਿਜ਼ਨ ਦੇ ਕਈ ਲੜੀਵਾਰ ਨਾਟਕਾਂ 'ਚ ਵੀ ਨਜ਼ਰ ਆਏ ਸਨ। ਹਰ ਇਕ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਵਾਲੇ ਸਰੂਪ ਪਰਿੰਦਾ 4 ਮਾਰਚ 2016 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।