ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਜਗਤ 'ਚ ਹਰਬਖਸ਼ ਗਿੱਲ ਨੇ ਐਂਟਰੀ ਕੀਤੀ ਹੈ। ਹਰਬਖਸ਼ ਗਿੱਲ ਦਾ ਹਾਲ ਹੀ 'ਚ ਡੈਬਿਊ ਟਰੈਕ 'ਸਰਪੰਚੀ' ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਹਰਬਖਸ਼ ਗਿੱਲ ਦਾ ਇਹ ਗੀਤ ਸਰਪੰਚੀ 'ਤੇ ਆਧਾਰਿਤ ਹੈ, ਜਿਸ 'ਚ ਉਨ੍ਹਾਂ ਨਾਲ ਗੁਰਲੇਜ ਅਖਤਰ ਨੇ ਵੀ ਗੀਤ ਨੂੰ ਆਵਾਜ਼ ਦਿੱਤੀ ਹੈ।
ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਕੇ. ਪੀ. ਸਿੰਘ ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਬੁਰਜ ਸ਼ਾਹ ਗਰੁੱਪ ਨੇ ਬਣਾਈ ਹੈ, ਜਿਸ ਨੂੰ ਡਾਇਰੈਕਟ ਭਿੰਦਰ ਬੁਰਜ ਤੇ ਜੋਬਨ ਢਿੱਲੋਂ ਨੇ ਕੀਤਾ ਹੈ। ਗੀਤ ਦੀ ਵੀਡੀਓ 'ਚ ਹਰਬਖਸ਼ ਸਿੰਘ ਨਾਲ ਫੀਮੇਲ ਮਾਡਲ ਸਰਦਾਰਨੀ ਪ੍ਰੀਤ ਵੀ ਦਿਖਾਈ ਦੇ ਰਹੀ ਹੈ। 'ਸਰਪੰਚੀ' ਗੀਤ ਨੂੰ ਪਟਿਆਲਾ ਸ਼ਾਹੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਹਰਬਖਸ਼ ਗਿੱਲ ਨੇ ਗਾਇਕੀ ਦੀ ਤਾਲੀਮ ਤੇਜਵੰਤ ਕਿੱਟੂ ਤੋਂ ਲਈ ਹੈ। ਤੇਜਵੰਤ ਕਿੱਟੂ ਨਵਾਂ ਟੈਲੇਂਟ ਮਿਊਜ਼ਿਕ ਇੰਡਸਟਰੀ 'ਚ ਲਿਆਉਣ ਲਈ ਪ੍ਰਸਿੱਧ ਹਨ ਤੇ ਉਹ ਕਈ ਸੰਗੀਤ ਮੁਕਾਬਲਿਆਂ ਲਈ ਨਵੇਂ ਟੈਲੇਂਟ ਨੂੰ ਉਭਾਰਨ ਦਾ ਕੰਮ ਕਰਦੇ ਹਨ।