FacebookTwitterg+Mail

ਸੂਫੀਆਨਾ ਗੀਤਾਂ ਨਾਲ ਹਮੇਸ਼ਾ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ ਸਤਿੰਦਰ ਸਰਤਾਜ

satinder sartaaj
31 August, 2018 01:23:22 PM

ਜਲੰਧਰ(ਬਿਊਰੋ)— ਪੰਜਾਬੀ ਸੂਫੀ ਗਾਇਕੀ ਨੂੰ ਨਵੇਂ ਮੁਕਾਮ 'ਤੇ ਲੈ ਜਾਣ ਵਾਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 31 ਅਗਸਤ, 1979 'ਚ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬਜਰੌਰਪੁਰ ਵਿਖੇ ਹੋਇਆ ਸੀ। ਸਤਿੰਦਰ ਸਰਤਾਜ ਦਾ ਅਸਲੀ ਨਾਂ ਸਤਿੰਦਰਪਾਲ ਸਿੰਘ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚੱਬੇਵਾਲ ਅਤੇ ਪੱਟੀ ਤੋਂ ਹਾਸਲ ਕੀਤੀ।

ਬਚਪਨ ਤੋਂ ਹੀ ਉਨ੍ਹਾਂ 'ਚ ਸੰਗੀਤ 'ਚ ਕਾਫੀ ਸ਼ੌਂਕ ਸੀ, ਇਸ ਲਈ ਤੀਜੀ ਜਮਾਤ 'ਚ ਪੜ੍ਹਦੇ ਹੋਏ ਉਨ੍ਹਾਂ ਨੇ ਆਪਣੀ ਸਟੇਜ ਪਰਫਾਰਮੈਂਸ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ। ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਸੰਗੀਤ ਅਤੇ ਆਨਰਜ਼ 'ਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲੰਧਰ ਤੋਂ ਕਲਾਸੀਕਲ ਸੰਗੀਤ ਸਿੱਖਣ ਲਈ 5 ਸਾਲ ਦਾ ਡਿਪਲੋਮਾ ਵੀ ਕੀਤਾ। 


ਗਾਇਕੀ ਤੋਂ ਇਲਾਵਾ ਉੁਹ ਲੇਖਕ, ਅਦਾਕਾਰ, ਮਿਊਜ਼ਿਕ ਕੰਪੋਜ਼ਰ ਵਜੋਂ ਵੀ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਕੀਤੀ ਪਰ ਉਨ੍ਹਾਂ ਨੂੰ ਪ੍ਰਸਿੱਧੀ ਗੀਤ 'ਸਾਂਈ' ਨਾਲ ਮਿਲੀ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਤੋਂ ਬਾਅਦ ਉਨ੍ਹਾਂ ਦੀ ਦੇਸ਼ਾਂ-ਵਿਦੇਸ਼ਾਂ 'ਚ ਕਈ ਸਟੇਜ ਪਰਫਾਰਮੈਂਸ ਦਿੱਤੀਆਂ।


ਦੱਸਣਯੋਗ ਹੈ ਕਿ ਸਤਿੰਦਰ ਸਰਤਾਜ 9 ਦਸੰਬਰ 2010 'ਚ ਚੰਡੀਗੜ੍ਹ ਦੇ ਤਾਜ ਹੋਟਲ 'ਚ ਪ੍ਰੇਮਿਕਾ ਗੌਰੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਸਰਤਾਜ ਦਾ ਨਾਂ ਉਨ੍ਹਾਂ ਸੂਫੀ ਕਲਾਕਾਰਾਂ ਦੀ ਤਦਾਰ 'ਚ ਆਉਂਦਾ ਹੈ, ਜਿਨ੍ਹਾਂ ਨੇ ਪੜ੍ਹਾਈ 'ਚ ਉੱਚ ਯੋਗਤਾ ਪ੍ਰਾਪਤ ਕਰਦੇ ਹੋਏ ਸੰਗੀਤ ਨੂੰ ਆਪਣੇ ਕਰੀਅਰ ਵਜੋ ਚੁਣਿਆ।

ਉਨ੍ਹਾਂ ਨੇ ਆਪਣੀ ਸੂਫੀਆਨਾ ਅੰਦਾਜ਼ ਅਤੇ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਆਪਣੇ ਗੀਤ 'ਤੇਰੇ ਕੁਰਬਾਨ', 'ਚੀਰੇ ਵਾਲਾ ਸਰਤਾਜ', 'ਅਫਸਾਨੇ ਸਰਤਾਜ ਦੇ' ਅਤੇ 'ਹਜ਼ਾਰੇ ਵਾਲਾ ਮੁੰਡਾ' ਨੂੰ ਆਪਣੀ ਸੁਰੀਲੀ ਅਤੇ ਸੂਫੀਆਨਾ ਅੰਦਾਜ਼ 'ਚ ਸ਼ਿੰਗਾਰਿਆ ਹੈ। ਇਸ ਤੋਂ ਇਲਾਵਾ ਸਤਿੰਦਰ ਸਰਤਾਜ ਫਿਲਮਾਂ 'ਚ ਵੀ ਅਦਾਕਾਰੀ ਦੇ ਜੋਹਰ ਦਿਖਾ ਚੁੱਕੇ ਹਨ।


ਸਰਤਾਜ਼ ਨੂੰ 2004 'ਚ ਫਿਲਮ ਲਈ ਪ੍ਰਸਤਾਵ ਆਇਆ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਹਾਲੇ ਇਸ ਕਾਬਿਲ ਨਹੀਂ ਹਾਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ਼ ਨੇ ਫਿਲਮਾਂ 'ਚ ਵੀ ਕਦਮ ਰੱਖਿਆ। ਖਾਸ ਗੱਲ ਇਹ ਹੈ ਕਿ ਸਰਤਾਜ ਨੇ ਆਪਣਾ ਡੈਬਿਊ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਸਾਲ 2017 'ਚ ਆਈ ਫਿਲਮ 'ਦਿ ਬਲੈਕ ਪ੍ਰਿੰਸ' 'ਚ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।


Tags: Satinder SartaajHappy BirthdayUdaarianNikki Jehi KuriMaula JiSoohe KhatIbadatDil Sabh De Vakhre

Edited By

Sunita

Sunita is News Editor at Jagbani.