FacebookTwitterg+Mail

ਤੀਜ ਦੇ ਮੌਕੇ ਨਿਮਰਤ ਖਹਿਰਾ, ਓਸ਼ਿਨ ਬਰਾੜ, ਇਹਾਨਾ ਢਿੱਲੋਂ ਨੇ ਸਤਿੰਦਰ ਸੱਤੀ ਨਾਲ ਲਾਈਆਂ ਖੂਬ ਰੌਣਕਾਂ

satinder satti
24 July, 2017 09:19:51 AM

ਚੰਡੀਗੜ— ਬੀਤੇ ਦਿਨ ਇਥੇ ਪੰਜਾਬ ਕਲਾ ਭਵਨ ਦੇ ਵਿਹੜੇ 'ਚ ਪੰਜਾਬ ਕਲਾ ਪ੍ਰੀਸ਼ਦ ਵਲੋਂ ਮਨਾਏ ਜਾ ਰਹੇ ਤੀਜ ਉਤਸਵ 'ਪਿੰਡ ਵਾਜਾਂ ਮਾਰਦਾ' ਦਾ ਉਦਘਾਟਨ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਨੇ ਕਿਹਾ ਕਿ ਤੀਜ ਸਾਡੀਆਂ ਧੀਆਂ-ਭੈਣਾਂ ਅਤੇ ਬਜ਼ੁਰਗ ਔਰਤਾਂ ਦਾ ਸਾਂਝਾ ਤਿਉਹਾਰ ਹੈ ਅਤੇ ਪੰਜਾਬ ਕਲਾ ਪ੍ਰੀਸ਼ਦ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਨੂੰ ਇਸ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਵਚਨਬੱਧ ਹੈ।
ਸਤਿੰਦਰ ਸੱਤੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਕਰਕੇ ਉਸਾਰੂ ਸੱਭਿਆਚਾਰ ਨੂੰ ਸੁਰਜੀਤ ਕੀਤਾ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਿਆ ਜਾਵੇ। ੁ ਉਨ੍ਹਾਂ ਕਿਹਾ ਕਿ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ 'ਚ ਸਾਡੀ ਪੀੜ੍ਹੀ ਆਪਣੇ ਸੱਭਿਆਚਾਰ ਦੀਆਂ ਨਰੋਈਆਂ ਕਦਰਾਂ-ਕੀਮਤਾਂ ਅਤੇ ਚੰਗੀਆਂ ਰਵਾਇਤਾਂ ਨੂੰ ਛੱਡ ਕੇ ਨਿਰੋਲ ਮਨੋਰੰਜਨ ਵੱਲ ਤੁਰ ਪਈ ਹੈ। ਇਸ ਲਈ ਉਸ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਵਲੋਂ ਸਾਉਣ ਮਹੀਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਤੀਆਂ ਦੇ ਮੇਲੇ ਲਗਾਏ ਜਾ ਰਹੇ ਹਨ। ਇਹ ਮੇਲੇ ਮਾਨਸਾ, ਚਮਕੌਰ ਸਾਹਿਬ, ਨਾਭਾ, ਜਲੰਧਰ ਅਤੇ ਗੁਰਦਾਸਪੁਰ ਦੇ ਪਿੰਡਾਂ 'ਚ ਲਗਾਏ ਜਾ ਰਹੇ ਹਨ ਤਾਂ ਜੋ ਤੀਆਂ ਦੇ ਸੱਭਿਆਚਾਰਕ ਸਰੂਪ ਨੂੰ ਸੁਰਜੀਤ ਕੀਤਾ ਜਾ ਸਕੇ। ਕਲਾ ਭਵਨ ਦੇ ਵਿਹੜੇ 'ਚ ਲੱਗੇ ਇਸ ਮੇਲੇ 'ਚ ਜਿੱਥੇ ਬਾਹਰਲੀ ਸਟੇਜ 'ਤੇ ਤੀਆਂ ਦਾ ਖੁੱਲ੍ਹਾ ਪਿੜ ਬੱਝਿਆ, ਉਥੇ ਆਡੀਟੋਰੀਅਮ 'ਚ ਹੁੰਦੇ ਪ੍ਰੋਗਰਾਮ 'ਚ ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਅਤੇ ਉਨ੍ਹਾਂ ਦੀਆਂ ਬੇਟੀਆਂ ਲਾਚੀ ਅਤੇ ਗਲੋਰੇ ਬਾਵਾ ਨੇ ਰਵਾਇਤੀ ਗੀਤ ਪੇਸ਼ ਕੀਤੇ। ਆਰ. ਆਰ. ਬਾਵਾ ਗਰਲਜ਼ ਕਾਲਜ ਬਟਾਲਾ ਦੀਆਂ ਵਿਦਿਆਰਥਣਾਂ ਨੇ ਫੋਕ  ਆਰਕੈਸਟਰਾ ਅਤੇ ਚੰਡੀਗੜ੍ਹ ਦੀ ਟੀਮ ਨੇ ਲੁੱਡੀ ਲੋਕ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਸ਼੍ਰੀਮਤੀ ਡੌਲੀ ਗੁਲੇਰੀਆ, ਨਿਮਰਤ ਖੈਰਾ, ਔਸ਼ੀਨ ਬਰਾੜ, ਇਹਾਨਾ ਢਿੱਲੋਂ, ਦਿਲਜੋਤ, ਜਸਪਿੰਦਰ ਚੀਮਾ, ਗੁਰਜੀਤ ਆਦਿ ਨੇ ਪ੍ਰੋਗਰਾਮ 'ਚ ਖੂਬ ਰੌਣਕਾਂ ਲਾਈਆਂ।


Tags: Nimrat KhairaOshin BrarSatinder sattiPollywood celebrityਸਤਿੰਦਰ ਸੱਤੀਤੀਜ ਉਤਸਵ