FacebookTwitterg+Mail

'ਪ੍ਰਾਹੁਣਾ' ਦਾ ਦੂਜਾ ਗੀਤ 'ਸੱਤ ਬੰਦੇ' ਰਿਲੀਜ਼, ਕੁਲਵਿੰਦਰ-ਵਾਮਿਕਾ ਦੀ ਵਿਆਹ ਨੂੰ ਲੈ ਕੇ ਨਜ਼ਰ ਆਈ ਰਜ਼ਾਮੰਦੀ

satt bande song release
18 September, 2018 01:48:06 PM

ਜਲੰਧਰ (ਬਿਊਰੋ)— ਪਾਲੀਵੁੱਡ ਸਟਾਰ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫਿਲਮ 'ਪ੍ਰਾਹੁਣਾ' ਦਾ ਦੂਜਾ ਗੀਤ 'ਸੱਤ ਬੰਦੇ' ਰਿਲੀਜ਼ ਹੋ ਗਿਆ ਹੈ, ਜਿਸ 'ਚ ਮੁੜ ਕੁਲਵਿੰਦਰ ਬਿੱਲਾ ਦੀ ਵਾਮਿਕਾ ਗੱਬੀ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਬੋਲ, ਸੰਗੀਤ ਤਾਂ ਸ਼ਾਨਦਾਰ ਹੈ ਹੀ, ਇਸ ਦੇ ਬਾਵਜੂਦ ਇਸ ਗੀਤ 'ਚ ਵੀ ਇਨ੍ਹਾਂ ਦੋਹਾਂ ਦੀ ਕੈਮਿਸਟਰੀ ਗੀਤ 'ਟਿੱਚ ਬਟਨ' ਵਾਂਗ ਬੇਹੱਦ ਸੋਹਣੀ ਲੱਗ ਰਹੀ ਹੈ। ਇਹ ਗੀਤ ਪੂਰੀ ਤਰ੍ਹਾਂ ਪਾਰਿਵਾਰਕ ਗੀਤ ਹੈ, ਜਿਸ 'ਚ ਕੁੜੀ-ਮੁੰਡੇ ਦੀ ਵਿਆਹ 'ਚ ਰਜ਼ਾਮੰਦੀ ਨੂੰ ਕਾਫੀ ਖੂਬਸੂਰਤ ਅੰਦਾਜ਼ 'ਚ ਦਿਖਾਇਆ ਗਿਆ ਹੈ। ਕੁਝ ਦਿਨਾਂ ਪਹਿਲਾਂ ਹੀ ਇਸ ਫਿਲਮ ਦਾ ਪਹਿਲਾਂ ਗੀਤ 'ਟਿੱਚ ਬਟਨ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ। ਬੀਤੇ ਦਿਨ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ 'ਸੱਤ ਬੰਦੇ' ਗੀਤ ਦਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਤੁਸੀਂ ਭੰਗੜਾ ਸੌਂਗ ਵੀ ਕਹਿ ਸਕਦੇ ਹੋ।

ਦੱਸ ਦੇਈਏ ਕਿ 'ਸੱਤ ਬੰਦੇ' ਇਕ ਡਿਊਟ ਸੌਂਗ ਹੈ, ਜਿਸ ਨੂੰ ਰਾਜਵੀਕ ਜਵੰਦਾ ਤੇ ਤਨਿਸ਼ਕਾ ਕੌਰ ਨੇ ਆਵਾਜ਼ ਦਿੱਤੀ ਹੈ। ਇਸ ਦਾ ਸੰਗੀਤ 'ਮਿਊਜ਼ਿਕ ਨਸ਼ਾ' ਨੇ ਦਿੱਤਾ ਹੈ, ਜਦਕਿ ਬੋਲ ਧਰਮਬੀਰ ਭੰਗੂ ਨੇ ਲਿਖੇ ਹਨ। ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗੱਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤੀ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਨੂੰ ਲਿਖਿਆ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਹੈ, ਜਦਕਿ ਇਸ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਕੀਤਾ ਹੈ। ਫਿਲਮ ਦੇਸ਼-ਵਿਦੇਸ਼ਾਂ 'ਚ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Parahuna Satt Bande ReleaseKulwinder Billa Wamiqa Gabbi Karamjit Anmol

Edited By

Chanda Verma

Chanda Verma is News Editor at Jagbani.