ਮੁੰਬਈ(ਬਿਊਰੋ)— ਰਾਜ ਕੁਮਾਰ ਉਹ ਅਦਾਕਾਰ ਸਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਬਾਲੀਵੁੱਡ 'ਚ ਕਾਫੀ ਨਾਮ ਖੱਟਿਆ । ਜਿਸ ਤਰ੍ਹਾਂ ਕਿ ਉਨ੍ਹਾਂ ਦਾ ਨਾਂਅ ਰਾਜ ਕੁਮਾਰ ਸੀ ਅਤੇ ਉਹ ਰਾਜ ਕੁਮਾਰਾਂ ਵਾਲੀ ਜ਼ਿੰਦਗੀ ਹੀ ਜਿਉਂਦੇ ਸਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਫਿਲਮ ਸੌਦਾਗਰ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਡਾਇਰੈਕਟਰ ਨੂੰ ਉਨ੍ਹਾਂ ਦੀਆਂ ਮਿੰਨਤਾਂ ਕਰਨੀਆਂ ਪਈਆਂ ਸਨ। ਫਿਲਮ 'ਸੌਦਾਗਰ' ਜੋ ਕਿ ਨੱਬੇ ਦੇ ਦਹਾਕੇ 'ਚ ਰਿਲੀਜ਼ ਹੋਈ ਸੀ ।ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਦੇ ਸ਼ੋਅ ਮੈਨ ਨੂੰ ਕਿੰਨੀ ਮਿਹਨਤ ਕਰਨੀ ਪਈ ਸੀ ਇਸ ਦਾ ਅੰਦਾਜ਼ਾ ਸਿਰਫ ਸੁਭਾਸ਼ ਘਈ ਨੂੰ ਹੋ ਸਕਦਾ ਹੈ ।

ਜਿਨ੍ਹਾਂ ਨੇ ਦਿਲੀਪ ਕੁਮਾਰ ਅਤੇ ਬਾਲੀਵੁੱਡ ਅਦਾਕਾਰ ਰਾਜ ਕੁਮਾਰ ਨੂੰ ਇੱਕਠਿਆਂ ਕੰਮ ਕਰਨ ਲਈ ਬੜੀ ਹੀ ਮਸ਼ਕੱਤ ਤੋਂ ਬਾਅਦ ਮਨਾਇਆ ਸੀ। 'ਸੌਦਾਗਰ' ਫਿਲਮ ਉਸ ਸਾਲ ਦੀ ਸਭ ਬਲਾਕ ਬਸਟਰ ਫਿਲਮ ਸਾਬਿਤ ਹੋਈ ਸੀ ਪਰ ਅੱਜ ਅਸੀਂ ਤੁਹਾਨੂੰ ਇਸ ਫਿਲਮ ਦੇ ਉਨ੍ਹਾਂ ਕਿੱਸਿਆਂ ਬਾਰੇ ਦੱਸਾਂਗੇ, ਜੋ ਕਾਫੀ ਮਜ਼ੇਦਾਰ ਹਨ । ਰਾਜ ਕੁਮਾਰ ਅਤੇ ਦਿਲੀਪ ਕੁਮਾਰ ਨੂੰ ਇੱਕਠਿਆਂ ਇਸ ਫਿਲਮ 'ਚ ਲਿਆਉਣ ਲਈ ਕਾਫੀ ਮਿਹਨਤ ਕਰਨੀ ਪਈ ਸੀ । ਦੱਸਿਆ ਜਾਂਦਾ ਹੈ ਕਿ ਦੋਵੇਂ ਇੱਕਠਿਆਂ ਕੰਮ ਕਰਨ ਲਈ ਰਾਜ਼ੀ ਨਹੀਂ ਸਨ। ਕਿਹਾ ਜਾਂਦਾ ਹੈ ਕਿ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਦਿਲੀਪ ਕੁਮਾਰ ਟਿਪੀਕਲ ਯੂਪੀ ਬਿਹਾਰ ਵਾਲੀ ਭਾਸ਼ਾ ਬੋਲ ਰਹੇ ਸਨ ਜਦਕਿ ਰਾਜਕੁਮਾਰ ਨੂੰ ਸਧਾਰਣ ਭਾਸ਼ਾ ਬੋਲਣ ਲਈ ਕਿਹਾ ਗਿਆ ।

ਜਿਸ ਤੋਂ ਬਾਅਦ ਰਾਜ ਕੁਮਾਰ ਨਰਾਜ਼ ਹੋ ਗਏ ,ਪਰ ਉਨ੍ਹਾਂ ਨੂੰ ਮਨਾਉਣ ਲਈ ਸੁਭਾਸ਼ ਘਈ ਨੂੰ ਘੰਟਿਆਂ ਬੱਧੀ ਉਨ੍ਹਾਂ ਨੂੰ ਮਨਾਉਣਾ ਪਿਆ ਸੀ ਅਤੇ ਰਾਜ ਕੁਮਾਰ ਨੂੰ ਸੁਭਾਸ਼ ਘਈ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦਿਲੀਪ ਸਾਹਿਬ ਫਿਲਮ 'ਚ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸ਼ਖਸ ਬਣੇ ਨੇ ਜਦਕਿ ਰਾਜ ਕੁਮਾਰ ਦਾ ਸਬੰਧ ਰਾਇਲ ਪਰਿਵਾਰ ਨਾਲ ਹੈ ਤਾਂ ਫਿਰ ਕਿਤੇ ਜਾ ਕੇ ਰਾਜ ਕੁਮਾਰ ਸ਼ੂਟਿੰਗ ਲਈ ਰਾਜ਼ੀ ਹੋਏ ਸਨ।

ਇਸ ਫਿਲਮ ਦੀ ਕਹਾਣੀ ਦੋ ਦੋਸਤਾਂ ਦੀ ਦੋਸਤੀ 'ਤੇ ਅਧਾਰਿਤ ਸੀ ।ਇਸ 'ਚ ਮੁੱਖ ਭੂਮਿਕਾ 'ਚ ਮਨੀਸ਼ਾ ਕੋਇਰਾਲਾ ਅਤੇ ਵਿਵੇਕ ਮੁਸ਼ਰਾਨ 'ਚ ਸਨ । ਜਦਕਿ ਰਾਜਕੁਮਾਰ ਅਤੇ ਦਿਲੀਪ ਕੁਮਾਰ ਦੋਨਾਂ ਦੇ ਬਜ਼ੁਰਗਾਂ ਦੇ ਕਿਰਦਾਰ 'ਚ ਸਨ । ਮਨੀਸ਼ਾ ਅਤੇ ਵਿਵੇਕ ਨੇ ਲੱਗਭੱਗ ਚਾਰ ਫਿਲਮਾਂ 'ਚ ਇੱਕਠਿਆਂ ਕੰਮ ਕੀਤਾ ਸੀ ।