ਨਵੀਂ ਦਿੱਲੀ(ਬਿਊਰੋ)— ਤਿਰੂਵਨੰਤਪੂਰਨ ਦੇ ਇਕ ਆਜ਼ਾਦ ਫਿਲਮ ਨਿਰਮਾਤਾ ਨੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਆਪਣੀ ਫਿਲਮ 'ਸੈਕਸੀ ਦੁਰਗਾ' ਨੂੰ ਮਨਜ਼ੂਰੀ ਦਿਵਾਉਣ ਲਈ ਸੈਂਸਰ ਬੋਰਡ ਨਾਲ ਲੜਾਈ ਸ਼ੁਰੂ ਕਰ ਦਿੱਤੀ ਹੈ। ਸਨਲ ਕੁਮਾਰ ਸ਼ਸ਼ਿਧਰਨ ਦੀ ਇਹ ਮਲਿਆਲਮ ਫਿਲਮ 23 ਸਾਲਾਂ ਵਿਚ ਪਹਿਲੀ ਅਜਿਹੀ ਭਾਰਤੀ ਫਿਲਮ ਹੈ, ਜਿਸ ਨੂੰ ਅੰਤਰਾਸ਼ਟਰੀ ਫਿਲਮ ਮਹਾਉਤਸਵ ਰਾੱਟਰਡੈਮ (ਆਈ. ਐੱਫ. ਐੱਫ. ਆਰ) ਵਿਚ ਟਾਈਗਰ ਪੁਰਸਕਾਰ ਮਿਲਣ ਵਾਲਾ ਹੈ। ਫਿਲਮ ਨਿਰਮਾਤਾ ਨੇ ਕਿਹਾ, ''ਇਸ ਫਿਲਮ ਨੂੰ ਅਗਲੇ ਮਹੀਨੇ ਹੋਣ ਵਾਲੇ 'ਸਟਾਰ 2017 ਜਿਓ ਮੁੰਬਈ ਫਿਲਮ ਮਹਾਉਤਸਵ' 'ਚ ਪ੍ਰਦਰਸ਼ਿਤ ਕੀਤੇ ਜਾਣ 'ਤੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਸੀ ਕਿਉਂਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਿੱਟਾ ਕੱਢਿਆ ਸੀ ਕਿ ਇਸ ਫਿਲਮ ਕਾਰਨ ਲੋਕਾਂ ਦੀਆਂ 'ਧਾਰਮਿਕ ਭਾਵਨਾਵਾਂ' ਨੂੰ ਠੇਸ ਲੱਗ ਸਕਦੀ ਹੈ ਤੇ ਕਾਨੂੰਨ ਵਿਵਸਥਾ ਵੀ ਪ੍ਰਭਾਵਿਤ ਹੋ ਸਕਦੀ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਧਾਰਮਿਕ ਸੰਬੰਧ ਨਹੀਂ ਹੈ।

ਭਾਰਤ ਬਣ ਰਿਹਾ ਈਰਾਨ ਵਰਗਾ ਦੇਸ਼
ਫਿਲਮ 'ਤੇ ਰੋਕ ਨਾਲ ਸ਼ਸ਼ਿਧਰਨ ਪਰੇਸ਼ਾਨ ਤੇ ਗੁੱਸੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ 'ਈਰਾਨ ਵਰਗਾ ਦੇਸ਼ ਬਣਦਾ ਜਾ ਰਿਹਾ ਹੈ।' ਪਰ ਉਨ੍ਹਾਂ ਨੇ ਉਮੀਦ ਨਹੀਂ ਛੱਡੀ ਤੇ ਸੈਸਰ ਬੋਰਡ ਤੋਂ ਇਕ ਪ੍ਰਮਾਣ ਪੱਤਰ ਲੈਣ ਦੀ ਅਪੀਲ ਕੀਤੀ ਹੈ। ਬੋਰਡ ਲਈ ਸਕ੍ਰੀਨਿੰਗ ਮੰਗਵਾਰ ਨੂੰ ਹੋਈ ਸੀ। ਨਿਰਦੇਸ਼ਨ ਵੱਲੋਂ ਇਹ ਗੱਲ ਸਾਫ ਕਰ ਦਿੱਤੀ ਗਈ ਹੈ ਕਿ ਉਹ ਇਸ ਦੇ ਲਈ ਆਪਣੀ ਲੜਾਈ ਲਗਾਤਾਰ ਜਾਰੀ ਰੱਖਣਗੇ ਅਤੇ ਪਿੱਛੇ ਨਹੀਂ ਹੱਟਣਗੇ। ਨਿਰਦੇਸ਼ਕ ਦਾ ਕਹਿਣਾ ਹੈ ਕਿ ਭਾਰਤ ਵਿਚ ਦੁਰਗਾ ਨਾਂ ਬਹੁਤ ਹੀ ਫੇਮਸ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਨਾਂ ਸਿਰਫ ਕਿਸੇ ਦੇਵੀ ਦਾ ਹੀ ਹੋਵੇ ਇਹ ਕਿਸੇ ਇਨਸਾਨ ਦਾ ਨਾਮ ਵੀ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਇਨਸਾਨ ਨਾਲ ਇਨਸਾਨਾਂ ਵਰਗਾ ਵਰਤਾਓ ਨਹੀਂ ਕੀਤਾ ਜਾਂਦਾ। ਜਦੋਂ ਉਨ੍ਹਾਂ ਨੂੰ ਮੱਦਦ ਦੀ ਲੋੜ ਹੁੰਦੀ ਹੈ ਤਾਂ ਲੋਕ ਉਨ੍ਹਾਂ ਨੂੰ ਨਾਕਾਰ ਦਿੰਦੇ ਹਨ।