FacebookTwitterg+Mail

ਵਿਆਹ ਨੂੰ ਲੈ ਕੇ ਛੜੇ ਬੰਦੇ ਦੇ ਚਾਵਾਂ ਨੂੰ ਦਿਖਾਏਗੀ ਫਿਲਮ 'ਛੜਾ'

shadaa interview diljit dosanjh and neeru bajwa
19 June, 2019 09:17:19 AM

ਪੰਜਾਬੀ ਫਿਲਮ 'ਛੜਾ' 21 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ 'ਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। 'ਛੜਾ' ਫਿਲਮ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਤੇ ਪਵਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ। ਫਿਲਮ ਏ ਐਂਡ ਏ ਐਡਵਾਈਜ਼ਰਸ ਦੀ ਪੇਸ਼ਕਸ਼ ਹੈ, ਜੋ ਬਰੈਟ ਫਿਲਮਜ਼ ਦੇ ਪ੍ਰੋਡਕਸ਼ਨ ਹੇਠ ਬਣੀ ਹੈ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਤੇ ਇਸੇ ਦੌਰਾਨ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ 'ਜਗ ਬਾਣੀ' ਦੀ ਐਂਕਰ ਨੇਹਾ ਮਨਹਾਸ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
ਫਿਲਮ ਦੀ ਕਹਾਣੀ 'ਤੇ ਥੋੜ੍ਹਾ ਚਾਣਨਾ ਪਾਓ?

ਜਗਦੀਪ : ਫਿਲਮ 'ਚ ਇਕ ਛੜੇ ਦੀ ਜ਼ਿੰਦਗੀ ਦੇ ਵੱਖ-ਵੱਖ ਹਿੱਸੇ ਦਿਖਾਏ ਗਏ ਹਨ। ਛੜੇ ਬੰਦੇ ਦੇ ਵਿਆਹ ਨੂੰ ਲੈ ਕੇ ਕੀ ਚਾਅ ਹਨ, ਉਸ ਦੀ ਕੀ ਸੋਚ ਹੈ ਤੇ ਉਸ ਨੂੰ ਲੈ ਕੇ ਲੋਕਾਂ ਦਾ ਕੀ ਨਜ਼ਰੀਆ ਹੈ, ਇਹ ਸਭ ਫਿਲਮ 'ਚ ਦਿਖਾਇਆ ਗਿਆ ਹੈ। ਛੜੇ ਨੂੰ ਵਿਆਹ ਨਾਲ ਹੀ ਜੋੜਿਆ ਜਾਂਦਾ ਹੈ, ਭਾਵੇਂ ਉਸ ਦਾ ਵਿਆਹ ਨਹੀਂ ਹੁੰਦਾ ਪਰ ਛੜੇ ਨੂੰ ਛੇੜਨ ਦੀ ਹਰ ਕੋਈ ਗੱਲ ਵਿਆਹ ਨਾਲ ਹੀ ਸ਼ੁਰੂ ਹੁੰਦੀ ਹੈ। ਛੜੇ ਬੰਦੇ ਦੇ ਜਿੰਨੇ ਵੀ ਵੱਖ-ਵੱਖ ਰੰਗ ਹਨ, ਉਹ ਸਾਰੇ ਫਿਲਮ 'ਚ ਦਿਖਾਏ ਗਏ ਹਨ।

ਜਿਵੇਂ ਟ੍ਰੇਲਰ 'ਚ ਦਿਖਾਇਆ ਗਿਆ ਹੈ, ਕੀ ਤੁਸੀਂ ਵੀ ਜਾਪਾਨੀ ਸੋਚ ਰੱਖਦੇ ਹੋ?

ਦਿਲਜੀਤ : ਜੀ ਬਿਲਕੁੱਲ, ਜਿਵੇਂ ਹੁਣ ਤੋਂ ਹੀ ਲੋਕ ਕਹਿਣ ਲੱਗ ਗਏ ਹਨ ਕਿ ਮੁੰਡਾ ਜਾਪਾਨੀ ਸੋਚ ਰੱਖਦਾ ਹੈ। ਮੈਂ ਵੀ ਜਾਪਾਨੀ ਸੋਚ ਰੱਖਦਾ ਹਾਂ, ਜਾਪਾਨੀ ਸੋਚ ਇਕ ਵਧੀਆ ਸੋਚ ਹੈ। ਮੈਨੂੰ ਵੀ ਇਹੀ ਲੱਗਦਾ ਹੈ ਕਿ ਛੜੇ ਵਿਆਹਾਂ ਨਾਲ ਹੀ ਸਬੰਧ ਰੱਖਦੇ ਹਨ। ਮੁਸ਼ਕਿਲ ਤਾਂ ਵਿਆਹ ਦੀ ਹੀ ਹੈ। ਇਸ ਕਰ ਕੇ ਸਾਡੀ ਫਿਲਮ 'ਚ ਵੀ ਹਰ ਦੂਜਾ ਸੀਨ ਵਿਆਹ ਵਾਲਾ ਹੈ। ਗੱਲ ਛੜਿਆਂ ਦੀ ਹੈ ਪਰ ਹੋ ਵਿਆਹਾਂ ਦੀ ਰਹੀ ਹੈ ਕਿਉਂਕਿ ਮੈਂ ਫਿਲਮ 'ਚ ਵੈਡਿੰਗ ਫੋਟੋਗ੍ਰਾਫਰ ਦਾ ਕਿਰਦਾਰ ਨਿਭਾਅ ਰਿਹਾ ਹਾਂ। ਨੀਰੂ ਬਾਜਵਾ ਇਕ ਵੈਡਿੰਗ ਪਲੈਨਰ ਦੇ ਕਿਰਦਾਰ 'ਚ ਹੈ।

ਤੁਹਾਨੂੰ ਆਈਡੀਆ ਕਿਵੇਂ ਆਇਆ ਕਿ ਛੜਿਆਂ 'ਤੇ ਫਿਲਮ ਬਣਨੀ ਚਾਹੀਦੀ ਹੈ?

ਦਿਲਜੀਤ : ਛੜਾ ਇਕ ਅਜਿਹਾ ਕੰਸੈਪਟ ਹੈ, ਜੋ ਸਾਡੀਆਂ ਅੱਖਾਂ ਦੇ ਸਾਹਮਣੇ ਪਿਆ ਹੈ ਪਰ ਅੱਜ ਤਕ ਇਸ ਨੂੰ ਕੋਈ ਦੇਖ ਹੀ ਨਹੀਂ ਸਕਿਆ। ਮੈਂ ਇਕ ਦਿਨ ਸਵੇਰੇ ਉਠਿਆ ਤੇ ਸੋਚਿਆ ਕਿ ਛੜਿਆਂ 'ਤੇ ਫਿਲਮ ਬਣਨੀ ਚਾਹੀਦੀ ਹੈ। ਉਸੇ ਦਿਨ 'ਛੜਾ' ਨਾਂ ਅਸੀਂ ਰਜਿਸਟਰ ਕਰਵਾ ਲਿਆ। ਪਹਿਲਾਂ ਮੈਨੂੰ ਲੱਗਾ ਕਿ ਸ਼ਾਇਦ ਇਹ ਨਾਂ ਕਿਸੇ ਨੇ ਰਜਿਸਟਰ ਕਰਵਾਇਆ ਹੋਣਾ ਹੈ ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਇਹ ਨਾਂ ਸਾਡੇ ਤੋਂ ਪਹਿਲਾਂ ਕਿਸੇ ਨੇ ਰਜਿਸਟਰ ਹੀ ਨਹੀਂ ਕਰਵਾਇਆ ਸੀ। ਨਾਂ ਰਜਿਸਟਰ ਕਰਵਾਉਣ ਤੋਂ ਬਾਅਦ ਜਗਦੀਪ ਸਿੱਧੂ ਨੂੰ ਇਸ ਬਾਰੇ ਦੱਸਿਆ ਤੇ ਉਨ੍ਹਾਂ ਨੇ 10-15 ਦਿਨਾਂ 'ਚ ਫਿਲਮ ਦੀ ਕਹਾਣੀ ਤਿਆਰ ਕਰ ਦਿੱਤੀ।

ਕਹਾਣੀ ਲਿਖਣ ਸਮੇਂ ਕਿਹੜੀਆਂ ਚੀਜ਼ਾਂ ਦਿਮਾਗ 'ਚ ਸਨ?

ਜਗਦੀਪ : ਛੜਾ ਲਈ ਪਹਿਲੀ ਗੱਲ ਦਿਮਾਗ 'ਚ ਇਹ ਚੱਲ ਰਹੀ ਸੀ ਕਿ ਇਸ ਨੂੰ ਇਕ ਪਿੰਡ ਵਾਲੇ ਮੁੰਡੇ ਦੇ ਕਿਰਦਾਰ 'ਤੇ ਬਣਾਇਆ ਜਾਵੇ। ਫਿਰ ਮੈਂ ਛੜੇ ਨੂੰ ਵਿਆਹ ਵਾਲੇ ਮਾਹੌਲ 'ਚ ਪਾਉਣ ਬਾਰੇ ਸੋਚਿਆ ਤੇ ਦਿਲਜੀਤ ਲਈ ਵੈਡਿੰਗ ਫੋਟੋਗ੍ਰਾਫਰ ਦਾ ਕਿਰਦਾਰ ਬਣਾਇਆ, ਜੋ ਹੈ ਛੜਾ ਪਰ ਰਹਿੰਦਾ ਵਿਆਹਾਂ 'ਚ ਹੀ ਹੈ। ਇੰਝ ਕਰਦੇ-ਕਰਦੇ ਫਿਰ ਪੂਰੀ ਕਹਾਣੀ ਤਿਆਰ ਹੋਈ।

'ਚੜਤਾ' ਤੇ 'ਵੰਝਲੀ' ਦਾ ਕਿਰਦਾਰ ਬਣਾਉਣ 'ਚ ਕਿੰਨੀ ਕੁ ਮੁਸ਼ਕਲ ਆਈ?

ਜਗਦੀਪ : ਦਿਲਜੀਤ ਲਈ 'ਚੜਤਾ' ਦਾ ਕਿਰਦਾਰ ਆਸਾਨੀ ਨਾਲ ਬਣ ਗਿਆ ਸੀ ਕਿਉਂਕਿ ਜਦੋਂ ਫਿਲਮ ਦੀ ਕਹਾਣੀ ਬਾਰੇ ਸੋਚਿਆ ਤਾਂ ਉਸੇ ਦੌਰਾਨ ਦਿਮਾਗ 'ਚ ਆ ਗਿਆ ਸੀ। ਹਾਂ 'ਵੰਝਲੀ' ਦੇ ਕਿਰਦਾਰ ਬਾਰੇ ਥੋੜ੍ਹਾ ਸੋਚਣਾ ਪਿਆ ਪਿਆ ਕਿਉਂਕਿ 'ਚੜਤਾ' ਛੜਾ ਹੈ ਤੇ 'ਵੰਝਲੀ' ਛੜੀ, ਅਜਿਹਾ ਨਹੀਂ ਹੋਣਾ ਚਾਹੀਦਾ ਸੀ ਕਿ ਦੋਵਾਂ ਦੀ ਸੋਚ ਆਪਸ 'ਚ ਮਿਲੇ। ਕੁਝ ਵੱਖਰੇਵਾਂ ਦੋਵਾਂ ਦੇ ਕਿਰਦਾਰ 'ਚ ਲਿਆਉਣ ਲਈ ਤੇ ਵਿਚਾਰ ਅਲੱਗ-ਅਲੱਗ ਦਿਖਾਉਣ ਲਈ ਮਿਹਨਤ ਕਰਨੀ ਪਈ।

ਜਦੋਂ ਫਿਲਮ ਪੂਰੀ ਤਿਆਰ ਹੋਈ, ਉਸ ਤੋਂ ਬਾਅਦ ਤੁਹਾਡੀ ਕੀ ਪ੍ਰਤੀਕਿਰਿਆ ਸੀ?

ਦਿਲਜੀਤ : ਮੈਂ ਜਿੰਨਾ ਸੋਚਿਆ ਸੀ, ਉਸ ਤੋਂ ਵਧੀਆ ਕਹਾਣੀ ਬਣੀ ਹੈ। ਮੈਂ ਇਹੀ ਸੋਚਿਆ ਸੀ ਕਿ ਕਾਮੇਡੀ ਹੋਵੇਗੀ, ਲੋਕ ਆਨੰਦ ਮਾਣਨਗੇ ਤੇ ਹੱਸਣਗੇ ਪਰ ਇਸ ਦੇ ਨਾਲ-ਨਾਲ ਇਕ ਬਹੁਤ ਵਧੀਆ ਸੁਨੇਹਾ ਵੀ ਫਿਲਮ 'ਚ ਦੇਖਣ ਨੂੰ ਮਿਲੇਗਾ। ਫਿਲਮ ਦੀ ਕਹਾਣੀ ਦੀ ਲੈਅ ਸ਼ੁਰੂ ਤੋਂ ਅਖੀਰ ਤਕ ਬਹੁਤ ਖੂਬਸੂਰਤੀ ਨਾਲ ਚੱਲਦੀ ਹੈ ਤੇ ਕਹਾਣੀ ਦਾ ਇਹ ਸਫਰ ਮੈਨੂੰ ਬਹੁਤ ਵਧੀਆ ਲੱਗਾ।

ਫਿਲਮ ਸਾਈਨ ਕਰਨ ਸਮੇਂ ਕੰਸੈਪਟ ਮਾਇਨੇ ਰੱਖਦਾ ਹੈ ਜਾਂ ਫਿਰ ਉਸ ਦੀ ਟੀਮ?

ਦਿਲਜੀਤ : ਮੇਰੇ ਲਈ ਦੋਵੇਂ ਚੀਜ਼ਾਂ ਹੀ ਮਾਇਨੇ ਰੱਖਦੀਆਂ ਹਨ, ਕੰਸੈਪਟ ਵੀ ਮਹੱਤਵਪੂਰਨ ਹੈ ਤੇ ਫਿਲਮ ਦੀ ਟੀਮ ਵੀ। ਜੇਕਰ ਕਿਸੇ ਫਿਲਮ ਦਾ ਕੰਸੈਪਟ ਵਧੀਆ ਹੈ ਪਰ ਉਸ ਦੀ ਟੀਮ ਵਧੀਆ ਨਹੀਂ ਹੈ ਤਾਂ ਫਿਲਮ ਵਧੀਆ ਨਹੀਂ ਬਣੇਗੀ, ਉਥੇ ਦੂਜੇ ਪਾਸੇ ਜੇ ਕੰਸੈਪਟ ਕਮਜ਼ੋਰ ਹੈ ਤੇ ਫਿਲਮ ਦੀ ਟੀਮ ਵਧੀਆ ਹੈ ਤਾਂ ਵੀ ਕੋਈ ਫਾਇਦਾ ਨਹੀਂ। ਸੋ ਇਹ ਦੋਵੇਂ ਚੀਜ਼ਾਂ ਜ਼ਰੂਰੀ ਹਨ, ਜੋ ਆਪਸ 'ਚ ਜੁੜੀਆਂ ਹੋਈਆਂ ਹਨ।

ਅਨੁਰਾਗ ਸਿੰਘ ਨਾਲ ਕੰਮ ਕਰਨ ਦਾ ਤੁਹਾਡਾ ਸੁਪਨਾ ਪੂਰਾ ਹੋਇਆ ਹੈ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?

ਜਗਦੀਪ : ਅਨੁਰਾਗ ਸਿੰਘ ਨਾਲ ਕੰਮ ਤੋਂ ਵੱਡੀ ਗੱਲ ਮੇਰੇ ਲਈ ਕੋਈ ਹੋ ਨਹੀਂ ਸਕਦੀ। ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਉਨ੍ਹਾਂ ਨੂੰ ਫਾਲੋ ਕਰਦਾ ਹੈ ਤੇ ਮੈਂ ਵੀ ਉਨ੍ਹਾਂ 'ਚੋਂ ਇਕ ਹਾਂ। 'ਸੁਪਰ ਸਿੰਘ' ਫਿਲਮ ਲਈ ਮੈਂ ਅਨੁਰਾਗ ਸਿੰਘ ਲਈ ਡਾਇਲਾਗਸ ਲਿਖੇ ਤੇ ਅੱਜ ਮੈਂ ਉਨ੍ਹਾਂ ਵਲੋਂ ਪ੍ਰੋਡਿਊਸ ਕੀਤੀ ਇਕ ਪੂਰੀ ਫਿਲਮ ਦੀ ਕਹਾਣੀ ਲਿਖੀ ਤੇ ਉਸ ਫਿਲਮ ਨੂੰ ਡਾਇਰੈਕਟ ਕੀਤਾ ਹੈ, ਇਸ ਤੋਂ ਵੱਧ ਖੁਸ਼ੀ ਦੀ ਗੱਲ ਮੇਰੇ ਲਈ ਕੋਈ ਹੋਰ ਨਹੀਂ ਹੋ ਸਕਦੀ।


Tags: ShadaaDiljit DosanjhNeeru BajwaJagdeep SidhuPunjabi Movie

Edited By

Sunita

Sunita is News Editor at Jagbani.