ਮੁੰਬਈ(ਬਿਊਰੋ)- ਬਿਹਾਰ ਦੇ ਮੁਜੱਫਰਨਗਰ ਰੇਲਵੇ ਸਟੇਸ਼ਨ ਤੋਂ ਕੁੱਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ । ਜਿਸ ਵਿਚ ਵਿਖਾਇਆ ਗਿਆ ਸੀ ਕਿ ਪਲੇਟਫਾਰਮ ’ਤੇ ਇਕ ਪਰਵਾਸੀ ਜਨਾਨੀ ਨੇ ਆਪਣੇ ਘਰ ਪਹੁੰਚਣ ਤੋਂ ਪਹਿਲਾ ਹੀ ਦਮ ਤੋੜ ਦਿੱਤਾ ਸੀ। ਇਸ ਦੌਰਾਨ ਲਾਸ਼ ਦੇ ਚਾਰੇ ਪਾਸੇ ਆਪਣੀ ਮਾਂ ਦੀ ਮੌਤ ਤੋਂ ਬੇਖ਼ਬਰ ਮਾਸੂਮ ਬੱਚਾ ਪਹਿਲਾਂ ਤਾਂ ਮਾਂ ਦੇ ਉੱਪਰ ਪਈ ਚਾਦਰ ਨਾਲ ਖੇਡਦਾ ਰਿਹਾ ਅਤੇ ਕੁਝ ਸਮੇਂ ਬਾਅਦ ਜਦੋਂ ਉਸ ਨੂੰ ਭੁੱਖ ਲੱਗੀ ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਤੋਂ ਚਾਦਰ ਹਟਾ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਬੱਚੇ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਉਸ ਦੀ ਮਾਂ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਇਸ ਵੀਡੀਓ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਦੋਂ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਨਜ਼ਰ ਇਸ ’ਤੇ ਪਈ ਤਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਲਈ ਮਦਦ ਦਾ ਹੱਥ ਵਧਾਇਆ।
ਸ਼ਾਹਰੁਖ ਖਾਨ ਦੇ ਐਨਜੀਓ ਮੀਰ ਫਾਊਂਡੇਸ਼ਨ ਨੇ ਜਨਾਨੀ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਮੀਰ ਫਾਊਂਡੇਸ਼ਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ‘‘ਅਸੀ ਉਨ੍ਹਾਂ ਸਾਰੇ ਲੋਕਾਂ ਦੇ ਅਹਿਸਾਨਮੰਦ ਹਾਂ, ਜਿਨ੍ਹਾਂ ਨੇ ਸਾਨੂੰ ਇਸ ਬੱਚੇ ਤੱਕ ਪਹੁੰਚਾਉਣ ਵਿਚ ਮਦਦ ਕੀਤੀ, ਜੋ ਆਪਣੀ ਮਰੀ ਹੋਈ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵੀਡੀਓ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ ਸੀ। ਹੁਣ ਅਸੀਂ ਇਨ੍ਹਾਂ ਬੱਚਿਆਂ ਦੀ ਮਦਦ ਕਰ ਰਹੇ ਹਾਂ ਅਤੇ ਫਿਲਹਾਲ ਇਹ ਆਪਣੇ ਦਾਦੇ ਦੀ ਦੇਖਭਾਲ ਵਿਚ ਹੈ।’’ ਸ਼ਾਹਰੁਖ ਖਾਨ ਨੇ ਮੀਰ ਫਾਊਂਡੇਸ਼ਨ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ,‘‘ਤੁਹਾਡਾ ਸਭ ਲੋਕਾਂ ਦਾ ਧੰਨਵਾਦ, ਜੋ ਤੁਸੀਂ ਇਸ ਬੱਚੇ ਨਾਲ ਸਾਨੂੰ ਮਿਲਵਾਇਆ। ਅਸੀਂ ਅਰਦਾਸ ਕਰਦੇ ਹਾਂ ਕਿ ਉਹ ਆਪਣੇ ਮਾਤਾ-ਪਿਤਾ ਨੂੰ ਗੁਆਉਣ ਦੇ ਦਰਦ ਨੂੰ ਬਰਦਾਸ਼ ਕਰ ਸਕੇ। ਮੈਂ ਜਾਣਦਾ ਹਾਂ ਕਿੰਝ ਦਾ ਮਹਿਸੂਸ ਹੁੰਦਾ ਹੈ। ਇਸ ਬੱਚੇ ਨਾਲ ਸਾਡਾ ਪਿਆਰ ਅਤੇ ਸਮਰਥਨ ਹੈ।’’

ਦੱਸ ਦੇਈਏ ਕਿ ਮ੍ਰਿਤਕ ਜਨਾਨੀ ਦਾ ਨਾਮ ਉਰੇਸ਼ ਖਾਤੂਨ ਸੀ, ਜੋ ਆਪਣੇ ਦੋ ਛੋਟੇ ਬੱਚਿਆਂ ਨਾਲ 25 ਮਈ ਨੂੰ ਅਹਿਮਦਾਬਾਦ ਤੋਂ ਸ਼ਰਮਿਕ ਸਪੇਸ਼ਲ ਟ੍ਰੇਨ ਤੋਂ ਆਈ ਸੀ। ਇਕ ਪਾਸੇ ਜਿੱਥੇ ਇਸ ਵੀਡੀਓ ਨੂੰ ਵੇਖ ਲੋਕ ਭਾਵੁਕ ਹੋ ਗਏ ਸਨ, ਉਥੇ ਹੀ ਇਸ ਨੂੰ ਲੈ ਕੇ ਜੱਮ ਕੇ ਰਾਜਨੀਤੀ ਵੀ ਹੋਈ ਸੀ।

ਲਗਾਤਾਰ ਮਦਦ ਕਰ ਰਹੇ ਹਨ ਸ਼ਾਹਰੁਖ
ਕੋਰੋਨਾ ਕਾਲ ਵਿਚ ਸ਼ਾਹਰੁਖ ਖਾਨ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨਮੰਤਰੀ ਰਾਹਤ ਕੋਸ਼ ਵਿਚ ਸਹਾਇਤਾ ਰਾਸ਼ੀ ਦਿੱਤੀ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ ਫਰੰਟਲਾਇਨ ਮੈਡੀਕਲ ਸਟਾਫ ਲਈ 25,000 ਪੀਪੀਈ ਕਿੱਟ ਵੀ ਐਕਟਰ ਵੱਲੋਂ ਦਿੱਤੀਆਂ ਗਈ ਸੀ।