ਮੁੰਬਈ (ਬਿਊਰੋ) : ਦੁਨੀਆ ਭਰ 'ਚ ਭਾਰਤ ਦੀ ਸ਼ਾਨ ਬਣ ਚੁੱਕੇ ਭਾਰਤੀ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਬੀਤੇ ਦਿਨੀਂ ਪਾਕਿਸਤਾਨ ਤੋਂ ਭਾਰਤ ਪਰਤ ਆਏ ਹਨ। ਹਾਲ ਹੀ 'ਚ ਅਭਿਨੰਦਨ ਨੂੰ ਪਾਕਿਸਤਾਨ ਨੇ ਇਕ ਜਵਾਬੀ ਕਾਰਵਾਈ ਦੇ ਚੱਲਦਿਆ ਫੜ੍ਹ ਲਿਆ ਸੀ।
ਇਸ ਗ੍ਰਿਫਤਾਰੀ ਤੋਂ ਬਾਅਦ ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਗੱਲ ਆਖੀ ਸੀ।
ਅਜਿਹੇ 'ਚ ਹੁਣ ਅਭਿਨੰਦਨ ਭਾਰਤ ਪਰਤ ਆਏ ਹਨ, ਜਿਸ ਤੋਂ ਬਾਅਦ ਭਾਰਤ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿਥੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਅਭਿਨੰਦਨ ਦੇ ਪਰਤਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ, ''ਵਿੰਗ ਕਮਾਂਡਰ ਦੀ ਪਹਿਲਾਂ ਤਾਰੀਫ ਕੀਤੀ ਅਤੇ ਤਿਰੰਗੇ ਦੀ ਤਸਵੀਰ ਨੂੰ ਸ਼ੇਅਰ ਕੀਤਾ। ਸ਼ਾਹਰੁਖ ਖਾਨ ਨੇ ਕਮਾਂਡਰ ਲਈ ਲਿਖਿਆ ਤੁਹਾਡੀ ਵੀਰਤਾ ਸਾਨੂੰ ਹਿੰਮਤ ਦਿੰਦੀ ਹੈ। ਘਰ ਵਾਪਸ ਪਰਤਣ ਤੋਂ ਬਿਹਤਰ ਕੋਈ ਵੀ ਅਹਿਸਾਸ ਨਹੀਂ ਹੈ। ਪਿਆਰ, ਆਸ਼ਾ ਤੇ ਸੁਪਨਿਆਂ ਦਾ ਹੁੰਦਾ ਹੈ ਘਰ। ਤੁਸੀਂ ਬਹਾਦੁਰੀ ਨਾਲ ਸਾਨੂੰ ਮਜ਼ਬੂਤ ਬਣਾਇਆ। ਦਿਲ ਤੋਂ ਤੁਹਾਡਾ ਧੰਨਵਾਦ।''
ਇਸੇ ਤਰ੍ਹਾਂ ਪ੍ਰਿਟੀ ਜ਼ਿੰਟਾ ਨੇ ਲਿਖਿਆ, ''ਅਮਰੀਕਾ 'ਚ ਲੋ¯ਕ ਇਸ ਗੱਲ ਤੋਂ ਹੈਰਾਨ ਹਨ ਕਿ 65 ਸਾਲ ਪੁਰਾਣਾ ਰੂਸ ਦਾ ਮਿੱਗ 21 ਜਹਾਜ਼ ਅਮਰੀਕਾ 'ਚ ਨਿਰਮਿਤ ਐੱਫ 16 ਨੂੰ ਕਿਵੇਂ ਡੇਗ ਸਕਦਾ ਹੈ। ਭਾਰਤ-ਪਾਕਿ ਸਰਹੱਦ 'ਤੇ ਇਹ ਪਾਇਲਟ ਦੀ ਟ੍ਰੇਨਿੰਗ ਦਿਖਾਉਂਦਾ ਹੈ। ਸਹੀ ਜਹਾਜ਼ ਉਹੀ ਹੁੰਦਾ ਜਿਸ 'ਚ ਪਾਇਲਟ ਸ਼ਾਨਦਾਰ ਹੁੰਦਾ ਹੈ। ਵੈਲਕਮ ਬੈਕ ਅਭਿਨੰਦਨ, ਰੀਅਲ ਹੀਰੋ, ਇੰਡੀਅਨ ਏਅਰ ਫੋਰਸ, ਜੈ ਹਿੰਦ।''
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ''ਟੀ. ਵੀ. ਨਾਲ ਚਿਪਕ ਗਈ ਸੀ, ਆਪਣੇ ਹੀਰੋ ਦੀ ਵਾਪਸੀ ਦੀ ਝਲਕ ਪਾਉਣ ਲਈ, ਜਿਸ ਤਰ੍ਹਾਂ ਨਾਲ ਤੁਸੀਂ ਸ਼ਾਂਤ ਤੇ ਸਹਿਜ ਰਹੇ ਮਾੜੇ ਹਾਲਾਤ 'ਚ ਵੀ, ਇਹ ਤੁਹਾਡੀ ਬਹਾਦੁਰੀ ਦਿਖਾਉਂਦਾ ਹੈ। ਮਾਣ ਨਾਲ ਭਰਿਆ ਅਹਿਸਾਸ, ਵੈਲਕਮ ਬੈਕ ਵਿੰਗ ਕਮਾਂਡਰ।''
ਦੱਸਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਈਸ਼ਾ ਗੁਪਤਾ, ਕਰਨ ਜੌਹਰ, ਇਮਰਾਨ ਹਾਸ਼ਮੀ, ਰਣਵੀਰ ਸਿੰਘ, ਪਰਿਣੀਤੀ ਚੋਪੜਾ, ਅਨੁਸ਼ਕਾ ਸ਼ਰਮਾ, ਰਿਤੇਸ਼ ਦੇਸ਼ਮੁਖ ਵਰਗੇ ਸਿਤਾਰਿਆਂ ਨੇ ਟਵੀਟ ਕੀਤੇ ਹਨ।