ਮੁੰਬਈ(ਬਿਊਰੋ)- ਸ਼ਕਤੀ ਕਪੂਰ ਨੇ ਜਿੱਥੇ ਇਕ ਪਾਸੇ ਆਪਣੇ ਵਿਲੇਨ ਦੇ ਕਿਰਦਾਰਾਂ ਨਾਲ ਲੋਕਾਂ ਦੇ ਦਿਲਾਂ ’ਚ ਖੌਫ ਪੈਦਾ ਕੀਤਾ, ਉੱਥੇ ਹੀ ਦੂਜੇ ਪਾਸੇ ਆਪਣੀ ਕਾਮੇਡੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਸ਼ਕਤੀ ਕਪੂਰ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਅਸੀਂ ਉਨ੍ਹਾਂ ਦੇ ਜਨਮਦਿਨ ’ਤੇ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ ਗੱਲ ਕਰਾਂਗੇ। ਸ਼ਕਤੀ ਕਪੂਰ ਦਾ ਜਨਮ ਦਿੱਲੀ ਦੇ ਕਰੋਲਬਾਗ ’ਚ 3 ਸਤੰਬਰ 1952 ਨੂੰ ਹੋਇਆ ਸੀ ਤੇ ਉਨ੍ਹਾਂ ਦਾ ਅਸਲ ਨਾਮ ਸੁਨੀਲ ਕਪੂਰ ਹੈ।
ਸ਼ਕਤੀ ਕਪੂਰ ਦੀ ਜ਼ਿੰਦਗੀ ਵੀ ਉਨ੍ਹਾਂ ਦੀਆ ਫ਼ਿਲਮਾਂ ਵਾਂਗ ਫ਼ਿਲਮੀ ਰਹੀ ਹੈ। ਇਕ ਵਾਰ ਉਹ ਆਪਣੀ ਕਾਰ ਚਲਾ ਰਹੇ ਸਨ, ਇਸੇ ਦੌਰਾਨ ਇਕ ਮਰਸਡੀਜ਼ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਇਸ ਤੋਂ ਬਾਅਦ ਸ਼ਕਤੀ ਕਪੂਰ ਆਪਣੀ ਕਾਰ ’ਚੋਂ ਉੱਤਰ ਕੇ ਮਰਸਡੀਜ਼ ਵਾਲੇ ਸਖਸ਼ ਨਾਲ ਲੜਨ ਲੱਗ ਗਏ ਤੇ ਕਾਰ ਦੇ ਨੁਕਸਾਨ ਦੇ ਪੈਸੇ ਮੰਗਣ ਲੱਗ ਗਏ। ਮਰਸਡੀਜ਼ ਵਾਲਾ ਸਖਸ਼ ਕੋਈ ਹੋਰ ਨਹੀਂ ਸੀ ਬਲਕਿ ਅਦਾਕਾਰ ਫਿਰੋਜ਼ ਖਾਨ ਸੀ।
ਕਾਰ ਵਾਲਾ ਮਾਮਲਾ ਤਾਂ ਉੱਥੇ ਹੀ ਖਤਮ ਹੋ ਗਿਆ ਸੀ ਪਰ ਫਿਰੋਜ਼ ਖਾਨ ਨੂੰ ਸ਼ਕਤੀ ਇੰਨ੍ਹੇ ਪਸੰਦ ਆਏ ਕਿ ਉਨ੍ਹਾਂ ਨੇ ਸ਼ਕਤੀ ਨੂੰ ਆਪਣੀ ਫਿਲਮ ‘ਕੁਰਬਾਨੀ’ ’ਚ ਕੰਮ ਕਰਨ ਦਾ ਮੌਕਾ ਦੇ ਦਿੱਤਾ। ਇਸੇ ਤਰ੍ਰਾਂ ਸ਼ਕਤੀ ਕਪੂਰ ਦੀ ਬਾਲੀਵੁੱਡ ਇੰਡਸਟਰੀ ’ਚ ਪਛਾਣ ਬਣ ਗਈ। ਸੁਨੀਲ ਕਪੂਰ ਤੋਂ ਸ਼ਕਤੀ ਕਪੂਰ ਬਣਨ ਪਿੱਛੇ ਵੀ ਇਕ ਲੰਬੀ ਕਹਾਣੀ ਹੈ, ਦਰਅਸਲ ਸ਼ਕਤੀ ਸੁਨੀਲ ਦੱਤ ਦੇ ਨਾਲ ‘ਰੌਕੀ’ ਫਿਲਮ ’ਚ ਕੰਮ ਕਰ ਰਹੇ ਸਨ ।
ਇਸ ਦੌਰਾਨ ਸੁਨੀਲ ਦੱਤ ਨੇ ਕਿਹਾ ਕਿ ਇਕ ਵਿਲੇਨ ਦਾ ਨਾਂ ਸੁਨੀਲ ਚੰਗਾ ਨਹੀਂ ਲੱਗਦਾ, ਇਸ ਦਾ ਨਾਂਅ ਕੁਝ ਵੱਖਰਾ ਹੋਣਾ ਚਾਹੀਦਾ ਹੈ । ਇਸ ਤਰ੍ਹਾਂ ਉਹ ਸੁਨੀਲ ਕਪੂਰ ਤੋਂ ਸ਼ਕਤੀ ਕਪੂਰ ਬਣ ਗਏ। ਦੱਸ ਦੇਈਏ ਕਿ ਫ਼ਿਲਮ ‘ਕੁਰਬਾਨੀ’ ਤੇ ‘ਰੌਕੀ’ ਤੋਂ ਸ਼ਕਤੀ ਕਪੂਰ ਨੂੰ ਪਛਾਣ ਮਿਲੀ ਸੀ।