ਮੁੰਬਈ— ਸਾਡੀ ਜ਼ਿੰਦਗੀ 'ਚ ਹੱਸਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਲਈ ਅਸੀਂ ਆਮ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਚੁਟਕਲੇ ਸੁਣਦੇ ਹਾਂ ਤੇ ਕਈ ਤਰ੍ਹਾਂ ਦੇ ਕਾਮੇਡੀ ਸ਼ੋਅ ਵੀ ਦੇਖਦੇ ਹਾਂ। ਅੱਜਕਲ ਤਾਂ ਟੀ. ਵੀ. ਸਕ੍ਰੀਨ 'ਤੇ ਕਈ ਤਰ੍ਹਾਂ ਦੀ ਕਾਮੇਡੀ ਦੇਖਣ ਨੂੰ ਮਿਲਦੀ ਹੈ ਪਰ ਜਿੰਨਾ ਸੌਖਾ ਰੁਆਉਣਾ ਹੁੰਦਾ ਹੈ, ਉਨਾ ਹੀ ਮੁਸ਼ਕਿਲ ਹੁੰਦਾ ਹੈ ਹਸਾਉਣਾ। ਇਕ ਨਵੇਂ ਅੰਦਾਜ਼ 'ਚ ਟ੍ਰਿਪਲ ਰੋਲ ਦੀ ਕਾਮੇਡੀ ਸੀਰੀਜ਼ ਲੈ ਕੇ ਆ ਰਿਹਾ ਹੈ ਸੋਨੀ ਸਬ ਟੀ. ਵੀ.। ਇਸ ਕਾਮੇਡੀ ਸ਼ੋਅ ਦਾ ਨਾਂ ਹੈ 'ਸ਼ੰਕਰ ਜੈ ਕਿਸ਼ਨ : 3 ਇਨ 1'।
ਹਾਲ ਹੀ 'ਚ 'ਜਗ ਬਾਣੀ' ਦੀ ਟੀਮ 'ਸ਼ੰਕਰ ਜੈ ਸਿੰਘ : 3 ਇਨ 1' ਦੇ ਆਨ ਲੋਕੇਸ਼ਨ ਸੈੱਟ 'ਤੇ ਪਹੁੰਚੀ, ਜਿਥੇ ਸ਼ੋਅ ਦੇ ਲੀਡ ਸਟਾਰ ਕੇਤਨ ਸਿੰਘ, ਫਲਕ ਨਾਜ਼, ਕੀਰਤਿਦਾ ਮਿਸਤਰੀ ਤੇ ਚਿਤ੍ਰਾਂਸ਼ੀ ਰਾਵਤ ਨੇ ਸ਼ੋਅ ਨਾਲ ਜੁੜੀਆਂ ਕੁਝ ਗੱਲਾਂ ਤੇ ਆਪਣੇ ਕਿਰਦਾਰਾਂ ਬਾਰੇ ਦੱਸਿਆ। ਦਿੱਲੀ 'ਤੇ ਆਧਾਰਿਤ ਇਸ ਸ਼ੋਅ 'ਚ ਟ੍ਰਿਪਲੇਟਸ ਦੀ ਕਹਾਣੀ ਦਿਖਾਈ ਜਾਵੇਗੀ। ਇਹ ਕਹਾਣੀ ਇਕ ਅਪਾਹਿਜ ਵਿਧਵਾ ਤੇ ਉਸ ਦੇ ਟ੍ਰਿਪਲੇਟਸ ਪੁੱਤਰ ਸ਼ੰਕਰ, ਜੈ ਤੇ ਕਿਸ਼ਨ ਦੀ ਹੈ। ਉਨ੍ਹਾਂ ਦੀ ਜ਼ਿੰਦਗੀ ਇਕ ਘਟਨਾ ਨਾਲ ਅਜੀਬ ਮੋੜ ਲੈ ਲੈਂਦੀ ਹੈ, ਜਦੋਂ ਇਕ ਹਾਦਸੇ 'ਚ ਸਿਰਫ ਕਿਸ਼ਨ ਹੀ ਬਚਦਾ ਹੈ। ਉਸ ਨੂੰ ਆਪਣੀ ਮਾਂ ਨੂੰ ਦੂਜੇ ਸਦਮੇ ਤੋਂ ਬਚਾਉਣ ਲਈ ਪੂਰੀਆਂ ਤਿੰਨ ਜ਼ਿੰਦਗੀਆਂ ਜਿਊਣੀਆਂ ਪੈਂਦੀਆਂ ਹਨ।

ਸ਼ੋਅ 'ਚ ਲੀਡ ਰੋਲ ਕੇਤਨ ਸਿੰਘ (ਕਿਸ਼ਨ) ਨਿਭਾਅ ਰਿਹਾ ਹੈ। ਕਿਸ਼ਨ ਦੀ ਮਾਂ ਦਾ ਕਿਰਦਾਰ ਆਸਾਵਰੀ ਜੋਸ਼ੀ ਨਿਭਾਅ ਰਹੀ ਹੈ, ਜੋ ਕਿ ਅਪਾਹਿਜ, ਵਿਧਵਾ ਤੇ ਦਿਲ ਦੀ ਮਰੀਜ਼ ਹੈ। ਪਤੀ ਦੀ ਅਚਾਨਕ ਮੌਤ ਦੀ ਖਬਰ ਦੇ ਸਦਮੇ ਨਾਲ ਉਸ ਦੀ ਜ਼ਿੰਦਗੀ ਵ੍ਹੀਲ ਚੇਅਰ ਨਾਲ ਬੱਝ ਜਾਂਦੀ ਹੈ। ਦੂਜੇ ਪਾਸੇ ਕਿਸ਼ਨ ਇਕ ਦੁਰਘਟਨਾ 'ਚ ਆਪਣੇ ਭਰਾ ਸ਼ੰਕਰ ਤੇ ਜੈ ਨੂੰ ਗੁਆ ਚੁੱਕਾ ਹੈ। ਆਪਣੀ ਮਾਂ ਨੂੰ ਦੂਜਾ ਸਦਮਾ ਲੱਗਣ ਤੋਂ ਬਚਾਉਣ ਲਈ ਉਹ ਇਹ ਸੱਚ ਆਪਣੀ ਮਾਂ ਤੋਂ ਲੁਕੋ ਲੈਂਦਾ ਹੈ ਤੇ ਸ਼ੰਕਰ ਤੇ ਜੈ ਦੀ ਜ਼ਿੰਦਗੀ ਖੁਦ ਜਿਊਂਦਾ ਹੈ।
ਸ਼ੰਕਰ, ਜੈ ਤੇ ਕਿਸ਼ਨ ਤਿੰਨਾਂ ਦੀਆਂ ਜ਼ਿੰਦਗੀਆਂ ਜਿਊਣਾ ਬਹੁਤ ਹੀ ਮੁਸ਼ਕਿਲ ਹੈ। ਸ਼ੁੱਧ ਹਿੰਦੀ 'ਚ ਗੱਲ ਕਰਨ ਵਾਲਾ ਸ਼ੰਕਰ ਬਹੁਤ ਹੀ ਸ਼ਾਂਤ ਕਿਸਮ ਦਾ ਜਾਨਵਰਾਂ ਦਾ ਡਾਕਟਰ ਹੈ, ਉਥੇ ਜੈ ਇਕ ਪੁਲਸ ਇੰਸਪੈਕਟਰ ਹੈ। ਕਿਸ਼ਨ ਦੀ ਜ਼ਿੰਦਗੀ 'ਚ ਮੋੜ ਉਸ ਸਮੇਂ ਆਉਂਦਾ ਹੈ, ਜਦੋਂ ਉਸ ਦੀ ਮਾਂ ਉਸ ਨੂੰ ਵਿਆਹ ਕਰਨ ਲਈ ਇਮੋਸ਼ਨਲ ਬਲੈਕਮੇਲ ਕਰਦੀ ਹੈ, ਉਹ ਵੀ ਤਿੰਨ ਭੈਣਾਂ ਟਵਿੰਕਲ, ਡਿੰਪਲ ਤੇ ਸਿੰਪਲ ਨਾਲ। ਸ਼ੰਕਰ, ਜੈ ਤੇ ਕਿਸ਼ਨ ਦੇ ਨਾਲ-ਨਾਲ ਟਵਿੰਕਲ (ਫਲਕ ਨਾਜ਼), ਡਿੰਪਲ (ਕੀਰਤਿਦਾ ਮਿਸਤਰੀ) ਤੇ ਸਿੰਪਲ (ਚਿਤ੍ਰਾਂਸ਼ੀ ਰਾਵਤ) ਦੇ ਕਿਰਦਾਰ ਵੀ ਕਾਫੀ ਪ੍ਰਭਾਵਸ਼ਾਲੀ ਹਨ। ਸ਼ੰਕਰ ਨੂੰ ਟਵਿੰਕਲ, ਜੈ ਨੂੰ ਡਿੰਪਲ ਤੇ ਕਿਸ਼ਨ ਨੂੰ ਸਿੰਪਲ ਨਾਲ ਵਿਆਹ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਸ ਟ੍ਰਿਪਲੇਟਸ ਦੀ ਕਾਮੇਡੀ ਦੇਖਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਓ 8 ਅਗਸਤ ਤੋਂ ਸੋਮਵਾਰ-ਸ਼ੁੱਕਰਵਾਰ ਸੋਨੀ ਸਬ ਟੀ. ਵੀ. 'ਤੇ।