ਜਲੰਧਰ (ਸੋਮ) - ਕਬੱਡੀ ਖਿਡਾਰੀ ਤੋਂ ਸ਼ਾਇਰ ਅਤੇ ਸ਼ਾਇਰ ਤੋਂ ਕਲਾਕਾਰ ਬਣੇ ਸ਼ੀਰਾ ਜਸਵੀਰ ਆਪਣੇ ਦਰਜਨਾ ਹਿੱਟ ਗਾਣਿਆਂ ਨਾਲ ਪੰਜਾਬੀ ਗਾਇਕੀ ਦੇ ਅੰਬਰ 'ਤੇ ਸਟਾਰ ਬਣ ਕੇ ਚਮਕ ਰਹੇ ਹਨ। ਪਹਿਲੇ ਦੋ ਲਾਈਵ ਪ੍ਰੋਜੈਕਟਾਂ ਨਾਲ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਜਿਸ ਕਾਰਨ ਉਹ ਆਪਣੇ ਸਰੋਤਿਆਂ ਦੀ ਭਾਰੀ ਮੰਗ 'ਤੇ 'ਸ਼ੀਰਾ ਜਸਵੀਰ ਲਾਈਵ-3' ਸਰੋਤਿਆਂ ਦੇ ਰੂਬਰੂ ਕਰਨ ਜਾ ਰਹੇ ਹਨ।
ਸੰਗੀਤ ਕੰਪਨੀ ਇੱਕ ਰਿਕਾਰਡਜ਼ ਅਤੇ ਬਿੱਟੂ ਬੱਲੋਵਾਲ ਦੇ ਪੇਸ਼ਕਸ਼ ਵਾਲੇ ਇਸ ਪ੍ਰੌਜੈਕਟ ਦਾ ਫਿਲਮਾਂਕਣ ਮਿਤੀ 27 ਅਪ੍ਰੈਲ 2019 ਨੂੰ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਵਿਖੇ ਸਵੇਰੇ 6 ਵਜੇ ਤੋਂ ਦੇਰ ਰਾਤ 9 ਵਜੇ ਤੱਕ ਹੋਵੇਗਾ। ਸ਼ੀਰਾ ਜਸਵੀਰ ਨੇ ਦੱਸਿਆ ਕਿ ਉਸ ਵਲੋਂ ਇਸ ਲਾਈਵ ਪ੍ਰੌਜੈਕਟ ਲਈ ਬਹੁਤ ਹੀ ਚੋਣਵੀਂ ਸ਼ਾਇਰੀ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਜੋ ਕਿ ਹਰ ਇਕ ਦੇ ਜੀਵਨ ਦੇ ਕਿਸੇ ਨਾ ਕਿਸੇ ਹਿੱਸੇ ਦੀਆਂ ਤਾਰਾਂ ਨੂੰ ਜ਼ਰੂਰ ਛੇੜੇਗੀ।