FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ 'ਤੇ ਬੋਲੇ ਸ਼ੇਖਰ ਕਪੂਰ, 'ਮੈਨੂੰ ਪਤਾ ਸੀ ਤੇਰਾ ਦਰਦ, ਕੌਣ ਸੀ ਜਿੰਮੇਦਾਰ'

shekhar kapur tweets on death of sushant says he knew the pain
15 June, 2020 05:27:34 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਕਈ ਅਣਸੁਲਝੇ ਸਵਾਲ ਆਪਣੇ ਪਿੱਛੇ ਛੱਡ ਦਿੱਤੇ ਹਨ। ਫ਼ਿਲਮੀ ਕਲਾਕਾਰ ਦੇ ਨਾਲ-ਨਾਲ ਰਾਜਨੀਤਿਕ ਹਸਤੀਆਂ ਸਮੇਤ ਸਭ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਾਇਆ। 34 ਸਾਲ ਦੀ ਉਮਰ 'ਚ ਇੰਝ ਅਦਾਕਾਰ ਦਾ ਮੌਤ ਨੂੰ ਗਲ਼ੇ ਲਾਉਣਾ, ਕਿਸੇ ਦੀ ਸਮਝ 'ਚ ਨਹੀਂ ਆ ਰਿਹਾ ਹੈ। ਹਰ ਕੋਈ ਆਪਣਾ-ਆਪਣਾ ਰਿਐਕਸ਼ਨ ਦੇ ਰਿਹਾ ਹੈ। ਐਕਟਰ-ਡਾਇਰੈਕਟਰ ਸ਼ੇਖਰ ਕਪੂਰ ਨੇ ਵੀ ਸੁਸ਼ਾਂਤ ਸਿੰਘ ਦੀ ਮੌਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਐਕਟਰ ਦੇ ਖ਼ੁਦਕੁਸ਼ੀ ਦੇ ਫੈਸਲੇ ਨੂੰ ਦੁਖਦਾਈ ਦੱਸਿਆ ਹੈ। ਸ਼ੇਖਰ ਕਪੂਰ ਨੇ ਟਵੀਟ ਕੀਤਾ, ''ਤੂੰ ਜਿਸ ਦਰਦ ਤੋਂ ਲੰਘ ਰਿਹਾ ਸੀ, ਉਸ ਦਾ ਮੈਨੂੰ ਅਹਿਸਾਸ ਸੀ। ਜਿਹੜੇ ਲੋਕਾਂ ਨੇ ਤੈਨੂੰ ਕਮਜ਼ੋਰ ਬਣਾਇਆ ਅਤੇ ਜਿਨ੍ਹਾਂ ਕਰਕੇ ਤੂੰ ਮੇਰੇ ਮੋਢੇ 'ਤੇ ਸਿਰ ਰੱਖ ਕੇ ਹੰਝੂ ਵਹਾਉਂਦਾ (ਰੋਇਆ ਕਰਦਾ) ਸੀ, ਉਸ ਦੀ ਕਹਾਣੀ ਮੈਂ ਜਾਣਦਾ ਹਾਂ। ਕਾਂਸ਼ ਪਿਛਲੇ 6 ਮਹੀਨੇ ਮੈਂ ਤੇਰੇ ਨਾਲ ਹੁੰਦਾ, ਕਾਂਸ਼ ਤੂੰ ਮੇਰੇ ਨਾਲ ਗੱਲ ਕੀਤੀ ਹੁੰਦੀ। ਜੋ ਕੁਝ ਵੀ ਹੋਇਆ ਉਹ ਕਿਸੇ ਹੋਰ ਦੇ ਕਰਮ ਸਨ, ਤੇਰੇ ਨਹੀਂ।''

ਸ਼ੇਖਰ ਕਪੂਰ ਦਾ ਇਹ ਪੋਸਟ ਕਈ ਗੱਲਾਂ ਵੱਲ ਇਸ਼ਾਰਾ ਕਰ ਰਿਹਾ ਹੈ। ਜਿਵੇਂ ਕਿ ਚਰਚਾ ਹੈ ਕਿ ਸੁਸ਼ਾਂਤ ਫ਼ਿਲਮ ਉਦਯੋਗ ਦੇ ਟੌਪ ਡਾਇਰੈਕਟਰਾਂ ਵੱਲੋਂ ਕੰਮ ਨਾ ਦਿੱਤੇ ਜਾਣ ਕਾਰਨ ਨਿਰਾਸ਼ ਸਨ। ਚਰਚਾ ਇਹ ਵੀ ਹੈ ਕਿ ਕੁਝ ਵੱਡੇ ਬੈਨਰਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਕੰਮ ਕਰਨ 'ਤੇ ਰੋਕ ਲਾ ਦਿੱਤੀ ਗਈ ਸੀ। ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਸ ਦਾ ਸਬੂਤ ਕਿਸੇ ਕੋਲ ਨਹੀਂ ਹੈ।

ਸ਼ੇਖਰ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ, ਫ਼ਿਲਮ 'ਪਾਣੀ' 'ਚ ਇਕੱਠੇ ਕੰਮ ਕਰਨ ਵਾਲੇ ਸਨ। ਇਸ ਫ਼ਿਲਮ ਨੂੰ 'ਕਾਨਸ ਫਿਲਮ ਫੈਸਟੀਵਲ' 'ਚ ਵੀ ਅਨਾਊਂਸ ਕੀਤਾ ਗਿਆ ਸੀ ਪਰ ਯਸ਼ਰਾਜ ਬੈਨਰ ਦੇ ਹੱਥ ਖਿੱਚ ਲੈਣ ਕਾਰਨ ਇਹ ਫ਼ਿਲਮ ਠੰਡੇ ਬਸਤੇ 'ਚ ਚਲੀ ਗਈ ਸੀ। ਖ਼ਬਰਾਂ ਦੀ ਮੰਨੀਏ ਤਾਂ ਸ਼ੇਖਰ ਇਸ ਫ਼ਿਲਮ ਨੂੰ ਰਿਤਿਕ ਰੌਸ਼ਨ ਨਾਲ ਬਣਾਉਣਾ ਚਾਹੁੰਦੇ ਸਨ ਪਰ ਆਸ਼ੁਤੋਸ਼ ਗੋਵਾਰੀਕਰ ਦੀ 'ਮੋਹਨਜੋਦਾਰੋ' ਦੇ ਚੱਲਦੇ ਰਿਤਿਕ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਬਣ ਸਕੇ। ਇਸ ਤੋਂ ਇਲਾਵਾ ਸ਼ੇਖਰ ਇਸ ਫ਼ਿਲਮ 'ਚ ਕਿਸੇ ਹਾਲੀਵੁੱਡ ਸਟਾਰ ਨੂੰ ਲੈਣਾ ਚਾਹੁੰਦੇ ਸਨ ਪਰ ਆਖਿਰਕਾਰ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਫਾਈਨਲ ਕਰ ਲਿਆ ਸੀ। ਸ਼ੇਖਰ ਕਪੂਰ ਨੇ ਇਹ ਵੀ ਕਿਹਾ ਸੀ ਕਿ ਸੁਸ਼ਾਂਤ ਨੇ ਇਸ ਪ੍ਰੋਜੈਕਟ ਲਈ ਕਾਫ਼ੀ ਮਿਹਨਤ ਕੀਤੀ ਸੀ ਅਤੇ ਜਦੋਂ ਯਸ਼ਰਾਜ ਨੇ ਇਸ ਫ਼ਿਲਮ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਹ ਕਾਫ਼ੀ ਨਿਰਾਸ਼ ਹੋਏ ਸਨ।


Tags: Shekhar Kapur Tweets Death Sushant Singh Rajput Pain

About The Author

sunita

sunita is content editor at Punjab Kesari