ਮੁੰਬਈ(ਬਿਊੂਰੋ)— ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਿਖਾ ਸਿੰਘ ਨੇ ਇਵੈਂਟ ਆਯੋਜਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਾਈ ਹੈ। ਅਦਾਕਾਰਾ ਨੇ ਠਾਣੇ ਦੇ ਚਿਲਤਸਰ ਪੁਲਸ ਸਟੇਸ਼ਨ 'ਚ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
11 ਲੱਖ 30 ਹਜ਼ਾਰ ਰੁਪਏ ਦਾ ਬਕਾਇਆ
'ਕੁਮਕੁਮ ਭਾਗਿਆ' ਸਮੇਤ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੀ ਸ਼ਿਖਾ ਨੇ ਪੁਲਸ 'ਚ ਦਰਜ ਕਰਾਈ ਗਈ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਦੀਪਕ ਚਤੁਰਵੇਦੀ ਨਾਂ ਦੇ ਇਵੈਂਟ ਆਯੋਜਕ ਉਨ੍ਹਾਂ ਦਾ ਬਕਾਇਆ (11 ਲੱਖ 30 ਹਜ਼ਾਰ ਰੁਪਏ) ਨਹੀਂ ਦੇ ਰਿਹਾ ਹੈ। ਸ਼ਿਖਾ ਮੁਤਾਬਕ ਚਤੁਰਵੇਦੀ ਨੇ ਅਫਰੀਕਾ 'ਚ ਪ੍ਰੋਗਰਾਮ ਕੀਤਾ ਸੀ। ਇਸ 'ਚ ਸ਼ਾਮਲ ਹੋਣ 'ਤੇ ਸ਼ਿਖਾ ਨੂੰ 12 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ 'ਚੋਂ 70 ਹਜ਼ਾਰ ਰੁਪਿਆਂ ਦਾ ਇਵੈਂਟ ਆਯੋਜਕ ਨੇ ਭਗਤਾਨ ਪਹਿਲਾਂ ਹੀ ਕਰ ਦਿੱਤਾ ਸੀ। ਸ਼ੋਅ ਪਿਛਲੇ ਸਾਲ ਨਵੰਬਰ 'ਚ ਹੋਇਆ ਸੀ ਪਰ ਇਸ ਦਾ ਭੁਗਤਾਨ ਅਜੇ ਤੱਕ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਸ ਨੇ ਬਕਾਏ ਲਈ ਕਈ ਵਾਰ ਚਤੁਰਵੇਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਤੋਂ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਸ ਮਾਮਲੇ 'ਚ ਆਈ. ਪੀ. ਸੀ. ਦੀ ਧਾਰਾ 420 ਦੇ ਤਹਿਤ ਐੱਫ. ਆਈ. ਆਰ. ਦਰਜ ਕਰਕੇ ਜਾਂਚ-ਪੜਤਾਲ 'ਚ ਲੱਗੀ ਹੋਈ ਹੈ।