ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਆਪਣੇ ਵਿਵਾਦਾਂ ਕਰਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸਿੱਧੂ ਮੂਸਵਾਲਾ ਅਕਸਰ ਹੀ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ ਫੈਨਜ਼ ਨਾਲ ਰਾਬਤਾ ਕਾਇਮ ਕਰਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਇਕ ਵਾਰ ਫਿਰ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ 9 ਫਰਵਰੀ ਦੇ ਸ਼ੋਅ ਬਾਰੇ ਦੱਸਿਆ। ਜੀ ਹਾਂ, ਸਿੱਧੂ ਮੂਸੇਵਾਲਾ 9 ਫਰਵਰੀ ਨੂੰ ਦਿੜ੍ਹਬਾ 'ਚ ਲਾਈਵ ਸ਼ੋਅ ਕਰ ਰਹੇ ਹਨ, ਜਿਸ 'ਚ ਉਹ ਕਈ ਵੱਡੇ ਖੁਲਾਸੇ ਕਰਨਗੇ ਤੇ ਆਪਣੇ ਆਉਣ ਵਾਲੇ ਗੀਤਾਂ ਤੋਂ ਪਰਦਾ ਚੁੱਕਣਗੇ। ਇਸ ਦੀ ਉਡੀਕ ਉਨ੍ਹਾਂ ਦੇ ਫੈਨਜ਼ ਨੂੰ ਬੇਸਬਰੀ ਨਾਲ ਰਹਿੰਦੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਸਿੱਧੂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਗੀਤ ਆਏ ਦਿਨ ਰਿਲੀਜ਼ ਹੁੰਦੇ ਰਹਿੰਦੇ ਹਨ ਤੇ ਨਾਲ ਦੀ ਨਾਲ ਸੋਸ਼ਲ ਮੀਡੀਆਂ 'ਤੇ ਛਾ ਵੀ ਜਾਂਦੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਦੀ ਜ਼ਮਾਨਤ ਲਈ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ। ਸੈਸ਼ਨ ਜੱਜ ਮੁਤਾਬਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਨੂੰ ਜ਼ਮਾਨਤ ਪੁਲਸ ਆਪਣੇ ਪੱਧਰ 'ਤੇ ਦੇ ਸਕਦੀ ਹੈ ਕਿਉਂਕਿ ਉਨ੍ਹਾਂ ਖਿਲਾਫ ਦਰਜ ਕੇਸ 'ਚ ਜੋ ਧਾਰਾਵਾਂ ਲੱਗੀਆਂ ਹਨ, ਉਹ ਜ਼ਮਾਨਤਯੋਗ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ 7 ਅਣਪਛਾਤੇ ਲੋਕਾਂ ਖਿਲਾਫ ਪੁਲਸ ਵੱਲੋਂ ਧਾਰਾ 294, 504 ਤੇ 149 ਆਈ. ਪੀ. ਸੀ. ਦੇ ਤਹਿਤ ਥਾਣਾ ਸਦਰ ਮਾਨਸਾ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ 'ਤੇ 'ਗਨ ਕਲਚਰ' (ਹਥਿਆਰਾਂ ਨੂੰ ਪ੍ਰਮੋਟ) ਨੂੰ ਵਧਾਵਾ ਦੇਣ ਦੇ ਦੋਸ਼ 'ਚ ਕੀਤਾ ਗਿਆ ਸੀ।