ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਸੀ ਹਾਕਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਿਮੋਨ ਸਿੰਘ ਬੀਤੇ ਦਿਨ 44 ਸਾਲ ਦੀ ਹੋ ਗਈ। ਉਨ੍ਹਾਂ ਦਾ ਜਨਮ ਜਮਸ਼ੇਦਪੁਰ 'ਚ ਹੋਇਆ। ਸਿਮੋਨ ਦੇ ਪਿਤਾ ਦਲਜੀਤ ਸਿੰਘ ਸਾਬਕਾ ਰਣਜੀ ਟਰਾਫੀ ਕ੍ਰਿਕਟਰ, ਕੋਚ ਤੇ ਚੀਫ ਕਿਊਰੇਟਰ ਹਨ।
ਮਸ਼ਹੂਰ ਟੀ. ਵੀ. ਸੀਰੀਅਲ 'ਹਿਨਾ' 'ਚ ਬਤੌਰ ਲੀਡ ਰੋਲ ਪਲੇਅ ਕਰਨ ਵਾਲੀ ਸਿਮੋਨ ਨੇ 2001 'ਚ ਆਈ ਫਿਲਮ 'ਇਕ ਰਿਸ਼ਤਾ: ਦੀ ਬਾਂਡ ਆਫ ਲਵ' ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਸਿਮੋਨ ਨੇ ਕਈ ਫਿਲਮਾਂ 'ਚ ਛੋਟੇ ਪਰ ਅਹਿਮ ਰੋਲ ਵੀ ਕੀਤੇ।
ਸਿਮੋਨ ਦੇ ਅਭਿਨੈ ਦੀ ਤਾਰੀਫ ਬੋਮਨ ਈਰਾਨੀ, ਸੈਫ ਅਲੀ ਖਾਨ ਤੇ ਡਿੰਪਲ ਕਪਾੜੀਆ ਸਟਾਰਰ ਫਿਲਮ 'ਬੀਂਗ ਹਿਊਮਨ ਸਾਇਰਸ' ਲਈ ਕੀਤੀ ਗਈ। ਇੰਨਾ ਹੀ ਨਹੀਂ ਸਿਮੋਨ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਕਾਜੋਲ ਦੀ ਭੈਣ ਦਾ ਕਿਰਦਾਰ ਨਿਭਾਅ ਚੁੱਕੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿਮੋਨ ਦਾ 2000 'ਚ ਫਿਲਮਕਾਰ ਫਰਹਾਦ ਸਮਰ ਨਾਲ ਵਿਆਹ ਹੋਇਆ ਸੀ। ਇਹ ਵਿਆਹ ਚੰਡੀਗੜ੍ਹ 'ਚ ਹੋਇਆ ਸੀ ਤੇ ਸਿਮੋਨ ਨੇ ਆਪਣੇ ਵਿਆਹ ਦੀ ਡਰੈੱਸ ਵੀ ਖੁਦ ਡਿਜ਼ਾਈਨ ਕੀਤੀ ਸੀ।
ਜਮਸ਼ੇਦਪੁਰ 'ਚ ਪਲੀ ਵਧੀ ਸਿਮੋਨ ਨੇ ਆਰਟਜ਼ 'ਚ ਡਿੱਗਰੀ ਲਈ ਤੇ ਫਿਰ ਦਿੱਲੀ ਦੇ ਇਕ ਟੀ. ਵੀ. ਪ੍ਰੋਡਕਸ਼ਨ ਹਾਊਸ 'ਚ ਕਰੀਬ ਨੂੰ ਮਹੀਨਿਆਂ ਤੱਕ ਨੌਕਰੀ ਵੀ ਕੀਤੀ। ਫਿਲਮ 'ਕਲ ਹੋ ਨਾ ਹੋ', 'ਕਭੀ ਖੁਸ਼ੀ ਕਭੀ ਗਮ' ਵਰਗੀਆਂ ਸੁਪਹਿੱਟ ਫਿਲਮਾਂ ਕਰ ਚੁੱਕੀ ਸਿਮੋਨ ਆਫਸਕ੍ਰੀਨ ਕਈ ਇਵੈਂਟਸ 'ਤੇ ਐਕਟਿਵ ਰਹਿੰਦੀ ਹੈ।
ਫਿਲਹਾਲ ਟੀਵੀ ਇੰਡਸਟਰੀ 'ਚ ਐਕਟਿਵ ਸਿਮੋਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਐਲਿਟੀ ਸ਼ੋਅ ਕਰਨ 'ਚ ਕੋਈ ਦਿਲਚਸਪੀ ਨਹੀਂ ਹੈ ਪਰ ਸਿਮੋਨ ਡਾਂਸ ਰਿਐਲਿਟੀ ਸ਼ੋਅ 'ਚ ਜ਼ਰੂਰ ਹਿੱਸਾ ਲੈਣਾ ਚਾਹੁੰਦੀ ਹੈ।