ਜਲੰਧਰ— ਭਾਰਤ ਦੀ ਪਹਿਲੀ ਵੈੱਬ ਫੀਚਰ ਫਿਲਮ 'ਯੂ ਮੀ ਔਰ ਘਰ' ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। ਇਹ ਪਹਿਲੀ ਫਿਲਮ ਹੈ, ਜੋ ਵੈੱਬਸਾਈਟ 'ਤੇ ਰਿਲੀਜ਼ ਹੋਈ ਤੇ ਇਸ ਨੂੰ ਦੇਖਣ ਲਈ ਥਿਏਟਰ ਨਹੀਂ ਜਾਣਾ ਪਵੇਗਾ। ਸਿਰਫ 60 ਰੁਪਏ ਦੇ ਕੇ ਇੰਟਰਨੈੱਟ 'ਤੇ ਹੀ ਇਸ ਨੂੰ ਦੇਖਿਆ ਜਾ ਸਕਦਾ ਹੈ।
ਫਿਲਮ ਦੀ ਪ੍ਰਮੋਸ਼ਨ ਦੌਰਾਨ ਇਸ ਦੀ ਅਭਿਨੇਤਰੀ ਸਿਮਰਨ ਕੌਰ ਮੁੰਡੀ ਨੇ ਦੱਸਿਆ ਕਿ ਇਹ ਫਿਲਮ ਲਿਵ ਇਨ ਰਿਲੇਸ਼ਨਸ਼ਿਪ 'ਤੇ ਆਧਾਰਿਤ ਹੈ। ਇਹ ਇਕ ਕੱਪਲ ਦੀ ਕਹਾਣੀ ਹੈ, ਜੋ ਮੁੰਬਈ 'ਚ ਇਕ ਘਰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਹੌਲੀ-ਹੌਲੀ ਉਨ੍ਹਾਂ ਨੂੰ ਸਮਝ 'ਚ ਆਉਂਦਾ ਹੈ ਕਿ ਘਰ ਲੱਭਣਾ ਸਿਰਫ ਪਿਆਰ ਕਰਨ ਜਾਂ ਸਿਰਫ ਕਿਸ਼ਤਾਂ ਦੇਣ ਦਾ ਕੰਮ ਨਹੀਂ ਹੈ। ਇਸ ਫਿਲਮ 'ਚ 'ਪਿਆਰ ਕਾ ਪੰਚਨਾਮਾ' ਦੇ ਅਭਿਨੇਤਾ ਓਮਕਾਰ ਕਪੂਰ ਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਇਕੱਠੇ ਨਜ਼ਰ ਆਉਣਗੇ।
ਫਿਲਮ 'ਚ ਓਮਕਾਰ, ਮਿਥੀਲੇਸ਼ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਸਿਮਰਨ, ਚਿਤਰਾਂਸ਼ੀ ਮਜੂਮਦਾਰ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ 90 ਮਿੰਟਾਂ ਦੀ ਹੈ। ਇਸ ਸੀਰੀਜ਼ 'ਚ ਇਕ ਗੀਤ ਵੀ ਹੈ। 'ਤੂ ਹੀ ਥਾ' ਨਾਂ ਦੇ ਇਸ ਗੀਤ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਿਮਰਨ ਨੇ 2008 'ਚ ਮਿਸ ਇੰਡੀਆ ਖਿਤਾਬ ਜਿੱਤ ਕੇ ਬਾਲੀਵੁੱਡ 'ਚ ਕਦਮ ਰੱਖਿਆ। ਸਿਮਰਨ ਕਪਿਲ ਸ਼ਰਮਾ ਦੀ 2015 'ਚ ਆਈ ਬਾਲੀਵੁੱਡ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਉਸ ਨੇ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸਿਮਰਨ ਕਈ ਪੰਜਾਬੀ ਫਿਲਮਾਂ 'ਚ ਵੀ ਮੁੱਖ ਅਭਿਨੇਤਰੀ ਵਜੋਂ ਕੰਮ ਕਰ ਚੁੱਕੀ ਹੈ।