ਜਲੰਧਰ (ਸੋਮ)-ਕੈਨੇਡਾ ਦੇ ਪ੍ਰਸਿੱਧ ਸੱਭਿਆਚਾਰਕ ਪ੍ਰਮੋਟਰ ਜਸਵਿੰਦਰ ਖੋਸਾ ਦੀ ਅਗਵਾਈ ’ਚ ਹਰ ਸਾਲ ਕੈਨੇਡਾ ਦੇ ਕਿਸੇ ਸ਼ਹਿਰ ’ਚ ‘ਪੰਜਾਬ ਡੇਅ ਮੇਲਾ’ ਕਰਵਾਇਆ ਜਾਂਦਾ ਹੈ। ਕੋਰੋਨਾ ਮਹਾਮਾਰੀ ਦੀ ਦਹਿਸ਼ਤ ਤੋਂ ਉੱਭਰਦਿਆਂ ਇਸ ਵਾਰ ਇਹ ਮੇਲਾ ਮਿਸੀਸਾਗਾ (ਟੋਰਾਂਟੋ) ’ਚ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੇਲੇ ’ਚ ਬੁੱਕਣ ਜੱਟ, ਗਿੱਲ ਹਰਦੀਪ, ਕੇ. ਐੱਸ. ਮੱਖਣ, ਮਨਜੀਤ ਰੂਪੋਵਾਲੀਆ, ਦੀਪ ਢਿੱਲੋਂ ਤੇ ਜੈਸਮੀਨ ਜੱਸੀ, ਹੈਰੀ ਸੰਧੂ, ਗੀਤਾ ਬੈਂਸ, ਹਰਮਨਦੀਪ ਨੇ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਹਿੱਕ ਦੇ ਜ਼ੋਰ ਨਾਲ ਸੁਰੀਲਾ ਗਾਉਣ ਵਾਲੇ ਗਾਇਕ ਬੁੱਕਣ ਜੱਟ ਨੇ ‘ਫੈਸਲਾ’, ‘ਜੱਗੇ ਜੱਟ ਦੀ ਗੰਡਾਸੀ’, ‘ਪੱਟ ਉੱਤੇ ਮੋਰਨੀ’, ‘ਸੋਹਣਿਓ ਕਿਤੇ ਅੱਗ ਨਾ ਲਾ ਦਿਓ’ ਵਰਗੇ ਹਿੱਟ ਗੀਤ ਗਾ ਕੇ ਖੂਬ ਧਮਾਲਾਂ ਪਾਈਆਂ। ਬੁੱਕਣ ਜੱਟ ਨੇ ਆਪਣੇ ਗੀਤਾਂ ਅਤੇ ਸਟੇਜ ਪ੍ਰਫਾਰਮੈਂਸ ਨਾਲ ਸਰੋਤਿਆਂ ਦਾ ਭਰਪੂਰ ਪਿਆਰ ਖੱਟਿਆ। ਪ੍ਰਬੰਧਕਾਂ ਵਲੋਂ ਬੁੱਕਣ ਜੱਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।