ਪੰਜਾਬ- ਮੇਰੇ ਸੁਪਨਿਆਂ ਦਾ ਪੰਜਾਬ ਉਸ ਪੁਰਾਤਨ ਪੰਜਾਬ ਵਰਗਾ ਹੈ, ਜਿਸ ਦਾ ਬਚਪਨ ਟੋਭਿਆਂ 'ਚ ਤਾਰੀਆਂ ਲਗਾਉਂਦਾ ਹੈ। ਪਿੰਡਾਂ ਅੰਦਰ ਰਹਿੰਦੇ ਲੋਕ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਕ ਸਾਂਝ ਨਾਲ ਸੰਯੁਕਤ ਘਰਾਂ 'ਚ ਵਸਦੇ ਹਨ। ਮੌਜੂਦਾ ਪੰਜਾਬ ਨੇ ਕਾਫੀ ਤਰੱਕੀ ਕਰ ਲਈ ਹੈ। ਤਰੱਕੀ ਦੇ ਨਾਲ-ਨਾਲ ਕਈ ਕੁਰੀਤੀਆਂ ਨੇ ਪੰਜਾਬ 'ਚ ਪੈਰ ਪਸਾਰ ਲਏ ਹਨ। ਮੌਜੂਦਾ ਪੰਜਾਬ ਅੰਦਰ ਨਸ਼ੇ ਨੇ ਪੈਰ ਪਸਾਰ ਲਏ ਹਨ। ਨਸ਼ੇ ਫੈਲਣ ਦਾ ਮੁੱਖ ਕਾਰਨ ਮੈਂ ਬੇਰੋਜ਼ਗਾਰੀ ਨੂੰ ਮੰਨਦਾ ਹਾਂ। ਪੰਜਾਬ 'ਚ ਬੇਰੋਜ਼ਗਾਰੀ ਤਾਂ ਹੈ ਪਰ ਲੋਕ ਅੱਜ ਸਿੱਖਿਅਤ ਹਨ। ਪੰਜਾਬ 'ਚ ਬੇਰੋਜ਼ਗਾਰੀ ਘਟਾਉਣ ਲਈ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਬੱਚਾ ਜਿੰਨਾ ਮਰਜ਼ੀ ਮਾੜਾ ਕਿਉਂ ਨਾ ਹੋਵੇ ਕਦੇ ਵੀ ਉਸ ਦੀ ਮਾਂ ਉਸ ਨੂੰ ਮਾੜਾ ਨਹੀਂ ਕਹੇਗੀ ਸਗੋਂ ਉਸ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਕਰੇਗੀ।
ਇਸ ਤਰ੍ਹਾਂ ਮੈਂ ਪੰਜਾਬੀ ਹਾਂ ਤੇ ਪੰਜਾਬ ਬਾਰੇ ਮੈਂ ਕੁਝ ਨੈਗੇਟਿਵ ਨਹੀਂ ਬੋਲਾਂਗਾ ਸਗੋਂ ਪਹਿਲਾਂ ਖੁਦ ਨੂੰ ਸੁਧਾਰਨ ਤੇ ਪੰਜਾਬ ਲਈ ਕੰਮ ਕਰਾਂਗਾ ਤਾਂ ਜੋ ਪੰਜਾਬ ਤਰੱਕੀ ਦੀ ਰਾਹ 'ਤੇ ਵਧਦਾ ਹੋਇਆ ਆਪਣੇ ਸੱਭਿਆਚਾਰ ਤੇ ਭਾਸ਼ਾ ਨਾਲ ਜੁੜਿਆ ਰਹਿ ਸਕੇ। ਪੰਜਾਬ 'ਚ ਫੈਲੇ ਨਸ਼ਿਆਂ ਨੂੰ ਰੋਕਣ ਲਈ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਵੱਲ ਤੋਰਨ ਦੀ ਲੋੜ ਹੈ। ਮੈਂ ਕਲਾ ਖੇਤਰ ਨਾਲ ਜੁੜੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਨਸ਼ੇ ਨਾਲ ਜੁੜੇ ਸ਼ਬਦਾਂ ਨੂੰ ਪ੍ਰਮੋਟ ਨਾ ਕਰਨ ਸਗੋਂ ਲੋਕਾਂ ਨੂੰ ਅਜਿਹੀਆਂ ਨਾਮੁਰਾਦ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕਰਨ। ਅਸੀਂ ਪੰਜਾਬੀ ਹਾਂ ਤੇ ਪੰਜਾਬ ਨੂੰ ਅਸੀਂ ਹੀ ਸੰਭਾਲਣਾ ਹੈ।
ਇਕ ਉਹ ਸਮਾਂ ਸੀ ਜਦ ਪਿੰਡਾਂ ਦੀਆਂ ਸੱਥਾਂ, ਵਿਹੜਿਆਂ 'ਚ ਹਾਸੇ, ਕਿਲਕਾਰੀਆਂ, ਲੋਕ ਬੋਲੀਆਂ ਤੇ ਗੀਤ ਹਰ ਸਮੇਂ ਗੂੰਜਦੇ ਰਹਿੰਦੇ ਸਨ। ਲੋਕ ਇਕ-ਦੂਜੇ ਨਾਲ ਦਾਲ ਦੀ ਕੌਲੀ ਤੱਕ ਵਟਾਉਂਦੇ ਸਨ। ਘਰਾਂ 'ਚ ਕੋਈ ਬਹੁਤੀਆਂ ਕੰਧਾਂ ਨਹੀਂ ਸਨ। ਆਪਸੀ ਪ੍ਰੇਮ ਪਿਆਰ ਤੇ ਸਾਂਝ ਨੇ ਲੋਕਾਂ ਨੂੰ ਇਕ ਤੰਦ 'ਚ ਪਿਰੋ ਕੇ ਰੱਖਿਆ ਹੋਇਆ ਸੀ। ਕਿਸੇ ਇਕ ਘਰ 'ਚ ਕੋਈ ਸਮਾਗਮ ਹੋਣ 'ਤੇ ਪੂਰੇ ਪਿੰਡ 'ਚ ਮੇਲੇ ਵਰਗਾ ਮਾਹੌਲ ਹੁੰਦਾ ਸੀ। ਮੰਜੇ ਬਿਸਤਰੇ ਤੱਕ ਲੋਕ ਇਕ ਦੂਜੇ ਤੋਂ ਮੰਗ ਕੇ ਸਾਰਦੇ ਸਨ। ਲੋਕਾਂ ਅੰਦਰ ਹੁਣ ਉਹ ਮੋਹ ਪਿਆਰ ਘਟਦਾ ਜਾ ਰਿਹਾ ਹੈ। ਲੋਕ ਇਕੱਲੇ ਪਰਿਵਾਰਾਂ ਵੱਲ ਵਧ ਰਹੇ ਹਨ। ਸੋਸ਼ਲ ਮੀਡੀਆ ਤੇ ਵਿਸ਼ਵੀਕਰਨ ਦੀ ਤੇਜ਼ੀ ਨੇ ਪਰਿਵਾਰਾਂ 'ਚ ਦੂਰੀਆਂ ਵਧਾ ਦਿੱਤੀਆਂ ਹਨ। ਇਕ ਛੱਤ ਹੇਠ ਰਹਿ ਰਹੇ ਲੋਕਾਂ ਕੋਲ ਵੀ ਇਕ ਦੂਜੇ ਲਈ ਸਮਾਂ ਨਹੀਂ ਹੈ। ਇਹ ਇਕ ਖਤਰਨਾਕ ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ। ਪੰਜਾਬੀ ਸੱਭਿਆਚਾਰ ਤੇ ਭਾਸ਼ਾ ਪੰਜਾਬੀਆਂ ਦੇ ਖੂਨ ਅੰਦਰ ਵਸਦੀ ਹੈ। ਪੰਜਾਬੀ ਭਾਸ਼ਾ ਕਦੇ ਖਤਮ ਨਹੀਂ ਹੋ ਸਕਦੀ।
—ਗਾਇਕ, ਕੁਲਵਿੰਦਰ ਬਿੱਲਾ