ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ 'ਤੇ ਲੱਚਰ ਗਾਇਕੀ ਦਾ ਦੋਸ਼ ਲਾਉਂਦੇ ਹੋਏ ਆਰ. ਟੀ. ਆਈ. ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਨੇ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੂੰ ਸ਼ਿਕਾਇਤ ਦਿੱਤੀ ਹੈ। ਐੱਸ. ਐੱਸ. ਪੀ ਵੱਲੋਂ ਇਹ ਦਰਖਾਸਤ ਡੀ. ਐੱਸ. ਪੀ (ਸਪੈਸ਼ਲ ਬ੍ਰਾਂਚ) ਨੂੰ ਜਾਂਚ ਲਈ ਭੇਜ ਦਿੱਤੀ ਹੈ। ਸ਼ਿਕਾਇਤਕਰਤਾ ਨੇ ਨਵਾਂ ਸ਼ਹਿਰ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਦਾ ਗੀਤ 'ਕੁੜੀ ਏਂ ਤੂੰ ਅਫੀਮ ਅਫਗਾਨੀ ਵਰਗੀ' ਨਾ ਸਿਰਫ ਲੱਚਰ ਹੈ, ਸਗੋਂ ਔਰਤਾਂ ਲਈ ਨਿਰਾਦਰ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਭਾਵੇਂ ਇਹ ਗਾਣਾ ਲਗਪਗ ਦੋ ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦਿਨ ਪਹਿਲਾਂ ਹੀ ਪਤਾ ਚੱਲਿਆ ਹੈ। ਉਸ ਨੇ ਕਿਹਾ ਕਿ ਅਜਿਹੇ ਗੀਤ ਗਾਉਣਾ ਆਈ. ਪੀ. ਸੀ. ਦੀ ਧਾਰਾ 294 ਤਹਿਤ ਅਪਰਾਧ ਹੈ।
ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਕਿੱਤਣਾ ਨੇ 'ਹੈਲਪ' ਸੰਸਥਾ ਵੱਲੋਂ 2013 'ਚ ਪੰੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕਰਕੇ ਅਸ਼ਲੀਲ ਗੀਤ ਰੋਕਣ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਗਾਇਕ ਹਨੀ ਸਿੰਘ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਸੀ। ਹਾਈ ਕੋਰਟ ਨੇ ਭਾਵੇਂ ਜਨਹਿਤ ਪਟੀਸ਼ਨ ਖਤਮ ਕਰ ਦਿੱਤੀ ਸੀ ਪਰ ਹਨੀ ਸਿੰਘ ਵੱਲੋਂ ਕੇਸ ਰੱਦ ਕਰਵਾਉਣ ਲਈ ਲਾਇਆ ਕੇਸ ਅਜੇ ਵੀ ਚੱਲ ਰਿਹਾ ਹੈ।