ਜਲੰਧਰ (ਬਿਊਰੋ) — ਇੰਨ੍ਹੀਂ ਦਿਨੀਂ ਗਾਇਕ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ 'ਤੇ ਇੱਕ ਪੁਰਾਣੀ ਇੰਟਰਵਿਊ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਇੰਟਰਵਿਊ 'ਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦੇ ਨੂੰ ਲੈ ਕੇ ਕਈ ਖ਼ੁਲਾਸੇ ਕਰ ਰਹੇ ਹਨ। ਇਸ ਇੰਟਰਵਿਊ 'ਚ ਗਿੱਪੀ ਗਰੇਵਾਲ ਆਖ ਰਹੇ ਹਨ ਕਿ ਸ਼ਿੰਦੇ ਦਾ ਸੁਭਾਅ ਆਪਣੇ ਦਾਦੇ ਵਰਗਾ ਹੈ। ਇਸੇ ਲਈ ਸ਼ਿੰਦੇ ਦਾ ਨਾਂ ਮੇਰੇ ਪਿਤਾ ਦੇ ਨਾਂ ਸ਼ਿੰਦੇ ਤੇ ਹੀ ਰੱਖਿਆ ਗਿਆ ਹੈ।
ਇਸ ਇੰਟਰਵਿਊ 'ਚ ਗਿੱਪੀ ਆਖ ਰਹੇ ਹਨ ਕਿ ਮੇਰੇ ਪਿਤਾ ਬਹੁਤ ਹੱਸਮੁਖ ਸਨ, ਉਨ੍ਹਾਂ ਦੀ ਝਲਕ ਸ਼ਿੰਦੇ 'ਚ ਵਿਖਾਈ ਦਿੰਦੀ ਹੈ। ਸ਼ਿੰਦਾ ਕਿਸੇ ਗੱਲ ਨੂੰ ਬਹੁਤ ਛੇਤੀ ਫੜ੍ਹਦਾ ਹੈ। ਇਸੇ ਲਈ ਫ਼ਿਲਮ 'ਅਰਦਾਸ ਕਰਾਂ' 'ਚ ਉਸ ਦੀ ਪਰਫਾਰਮੈਂਸ ਹਰ ਇੱਕ ਨੂੰ ਪਸੰਦ ਆਈ ਹੈ। ਇਸ ਤੋਂ ਇਲਾਵਾ ਇਸ ਇੰਟਰਵਿਊ 'ਚ ਗਿੱਪੀ ਗਰੇਵਾਲ ਨੇ ਹੋਰ ਵੀ ਕਈ ਖ਼ੁਲਾਸੇ ਕੀਤੇ।
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਪਾਣੀ 'ਚ ਮਧਾਣੀ' ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਗਿੱਪੀ ਨੇ ਲਿਖਿਆ ਹੈ, 'ਦਾਰਾ ਫਿਲਮਜ਼ ਐਂਟਰਟੇਨਮੈਂਟ' ਲੈ ਕੇ ਆ ਰਹੇ ਹਨ ਆਪਣੀ ਨਵੀਂ ਫ਼ਿਲਮ 'ਪਾਣੀ 'ਚ ਮਧਾਣੀ', ਜਿਸ ਨੂੰ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ।
ਇਹ ਫ਼ਿਲਮ ਸਾਲ 2021 'ਚ ਦੁਨੀਆ ਭਰ 'ਚ ਰਿਲੀਜ਼ ਕੀਤਾ ਜਾਵੇਗਾ।' ਇਸ ਫ਼ਿਲਮ 'ਚ ਰਾਣਾ ਰਣਬੀਰ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਹਾਰਬੀ ਸੰਘਾ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਅਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਫ਼ਿਲਮ ਨੂੰ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ।