ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਭੰਗੂ ਦਾ ਬੀਤੇ ਦਿਨ ਜਨਮ ਦਿਨ ਸੀ। ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ, ਜਿਸ ਨੂੰ ਲੈ ਕੇ ਗੁਰਪ੍ਰੀਤ ਭੰਗੂ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਨਾਂ ਸੁਨੇਹਾ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ''ਬਹੁਤ ਪਿਆਰ ਤੇ ਸਤਿਕਾਰ ਦੋਸਤੋ, ਕੱਲ੍ਹ ਜਨਮ ਦਿਨ 'ਤੇ ਤੁਹਾਡਾ ਸਭ ਦਾ ਮਣਾਂ ਮੂੰਹੀਂ ਪਿਆਰ ਮਿਲਿਆ। ਫੋਨ, ਮੈਸੇਂਜ਼ਰ 'ਤੇ ਢੇਰ ਸਾਰੇ ਸੁਨੇਹਿਆ ਜ਼ਰੀਏ ਤੁਹਾਡਾ ਪਿਆਰ ਸਤਿਕਾਰ ਪ੍ਰਾਪਤ ਹੋਇਆ। ਮੈਂ ਤੁਹਾਡੇ ਪਿਆਰ ਦੀ ਰਿਣੀ ਹਾਂ। ਸਭ ਦੇ ਸੁਨੇਹਿਆਂ ਦਾ ਉੱਤਰ ਦੇਣਾ ਸੰਭਵ ਨਹੀਂ, ਤੁਹਾਡਾ ਸਭ ਦਾ ਪਿਆਰ ਭੇਜਣ ਲਈ ਸ਼ੁਕਰੀਆ, ਬਹੁਤ ਸਾਰਾ ਪਿਆਰ ਸਤਿਕਾਰ ਦੁਆਵਾਂ।'' ਗੁਰਪ੍ਰੀਤ ਕੌਰ ਭੰਗੂ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 13 ਮਈ, 1959 ਨੂੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ 'ਚ ਹੋਇਆ ਸੀ। ਸਕੂਲ ਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਨਾਲ ਹੋ ਗਿਆ। ਵਿਆਹ ਤੋਂ ਬਾਅਦ ਉਹ ਨਾਟਕਾਂ ਵਿਚ ਵੱਖ-ਵੱਖ ਕਿਰਦਾਰ ਨਿਭਾਉਂਦੀ ਰਹੀ ਪਰ ਇਸ ਸਭ ਦੇ ਚਲਦੇ 1987 ਉਹ ਸਰਕਾਰੀ ਅਧਿਆਪਕਾ ਦੇ ਤੌਰ 'ਤੇ ਭਰਤੀ ਹੋ ਗਏ।
ਕਾਲਜ ਵਿਚ ਵਿਦਿਆਰਥੀ ਜੱਥੀਬੰਦੀ ਦੀ ਸਿਰ ਕੱਢ ਆਗੂ ਹੋਣ ਕਰਕੇ ਉਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ ਨਾਲ ਮਿਲਕੇ 1996 ਵਿਚ 'ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ' ਦੀ ਸਥਾਪਨਾ ਕੀਤੀ। ਇਸ ਦੌਰਾਨ ਗੁਰਪ੍ਰੀਤ ਭੰਗੂ ਦੀ ਮੁਲਾਕਾਤ ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋ ਗਈ। ਉਨ੍ਹਾਂ ਦੀ ਅਗਵਾਈ ਵਿਚ ਭੰਗੂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਵਿਚ ਵੀ ਕੰਮ ਕੀਤਾ ਅਤੇ ਵੱਖ-ਵੱਖ ਨਾਟ ਮੰਡਲੀਆਂ ਨਾਲ ਮਿਲਕੇ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ ਵਰਗੇ ਵੱਡੇ ਨਾਟਕਕਾਰਾਂ ਦੇ ਨਾਟਕਾਂ ਵਿਚ ਕਈ ਕਿਰਦਾਰ ਨਿਭਾਏ।
ਇਸ ਤੋਂ ਇਲਾਵਾ ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿਖਤਾਂ ਤੇ ਬਣੀਆਂ ਫਿਲਮਾਂ ਜਿਵੇ 'ਅੰਨੇ ਘੋੜੇ ਦਾ ਦਾਨ' ਅਤੇ 'ਚੌਥੀ ਕੂਟ' ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 'ਤਰਕ ਦੀ ਸਾਣ 'ਤੇ' ਅਤੇ 'ਕੱਚ ਦੀਆਂ ਵੰਗਾਂ' ਸੀਰੀਅਲਾਂ ਵਿਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿਚ ਕੰਮ ਕੀਤਾ।
ਟੈਲੀ-ਫਿਲਮਾਂ ਕਰਦੇ-ਕਰਦੇ ਗੁਰਪ੍ਰੀਤ ਭੰਗੂ ਨੂੰ ਪਾਲੀਵੁੱਡ ਅਤੇ ਬਾਲੀਵੁੱਡ ਵਿਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ। ਹਿੰਦੀ ਫ਼ਿਲਮ 'ਮੌਸਮ', 'ਮਿੱਟੀ' ਅਤੇ 'ਸ਼ਰੀਕ' ਵਿਚ ਉਨ੍ਹਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ। ਫ਼ਿਲਮ 'ਅਰਦਾਸ', 'ਅੰਬਰਸਰੀਆ', ਅਤੇ 'ਵਿਸਾਖੀ ਲਿਸਟ' ਹੋਰ ਅਨੇਕਾਂ ਪੰਜਾਬੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਗੁਰਪ੍ਰੀਤ ਭੰਗੂ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਲੱਗਦੀ ਹੈ।