ਜਲੰਧਰ (ਬਿਊਰੋ)— 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਹੁਣ ਤੱਕ ਕਾਫੀ ਪੋਸਟਰਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਗੁਰਪ੍ਰੀਤ ਘੁੱਗੀ ਦੀ ਲੁੱਕ ਕਾਫੀ ਪ੍ਰਭਾਵਿਤ ਕਰਦੀ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਸ ਫਿਲਮ ਦਾ ਟਰੇਲਰ ਅੱਜ 4 ਵਜੇ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ, ਜਿਸ ਦੀ ਜਾਣਕਾਰੀ ਖੁਦ ਗੁਰਪ੍ਰੀਤ ਘੁੱਗੀ ਤੇ ਕਪਿਲ ਸ਼ਰਮਾ ਨੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕਰ ਕੇ ਆਪਣੇ ਸੋਸ਼ਲ ਅਕਾਊਂਟ ਰਾਹੀਂ ਦਿੱਤੀ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਕਪਿਲ ਸ਼ਰਮਾ ਨੇ ਇਸ ਫਿਲਮ ਲਈ ਗੀਤ ਰਿਕਾਰਡ ਕੀਤਾ ਸੀ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ। ਹੁਣ ਕਮਲ ਖਾਨ ਦੀ ਆਵਾਜ਼ 'ਚ ਫਿਲਮ ਦੇ ਨਵੇਂ ਗੀਤ ਦੀ ਝਲਕ ਸਾਨੂੰ ਮਿਲ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਕਮਲ ਖਾਨ ਸਟੂਡੀਓ 'ਚ ਫਿਲਮ ਲਈ ਰਿਕਾਰਡ ਕੀਤੇ ਗੀਤ ਨੂੰ ਸੁਣ ਰਹੇ ਹਨ। ਗੀਤ ਦੇ ਬੋਲ 'ਤਰ ਜਾ ਤੂੰ ਖਵਾਬਾਂ ਦਾ ਦਰਿਆ' ਹਨ। ਗੀਤ ਕਾਫੀ ਉਤਸ਼ਾਹਿਤ ਕਰਨ ਵਾਲਾ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਫਿਲਮ 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ।
ਫਿਲਮ ਨੂੰ ਡਾਇਰੈਕਟ ਵਿਕਰਮ ਗਰੋਵਰ ਨੇ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।