ਜਲੰਧਰ (ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਆਉਣ ਵਾਲੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਹੁਣ ਤੱਕ ਕਾਫੀ ਪੋਸਟਰਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਗੁਰਪ੍ਰੀਤ ਘੁੱਗੀ ਦੀ ਲੁੱਕ ਕਾਫੀ ਪ੍ਰਭਾਵਿਤ ਕਰਦੀ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ 12 ਅਕਤੂਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਨੂੰ ਨਵੀਂ ਸੇਧ ਦੇਣਗੇ। ਇਸ ਫਿਲਮ 'ਚ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ।
'ਸੰਨ ਆਫ ਮਨਜੀਤ ਸਿੰਘ' ਫਿਲਮ ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।
ਦੱਸ ਦੇਈਏ ਕਿ 'ਸੰਨ ਆਫ ਮਨਜੀਤ ਸਿੰਘ' ਦਾ ਟਰੇਲਰ ਕਾਫੀ ਜ਼ਬਰਦਸਤ ਤੇ ਇਮੋਸ਼ਨਲ ਹੈ। ਟਰੇਲਰ 'ਚ ਪਿਤਾ ਤੇ ਬੇਟੇ ਦਾ ਪਿਆਰ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ। ਟਰੇਲਰ 'ਚ ਪਿਤਾ ਤੇ ਬੇਟੇ ਦੇ ਵੱਖ-ਵੱਖ ਸੁਪਨੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਉਹ ਦੋਵੇਂ ਪੂਰਾ ਕਰਨਾ ਚਾਹੁੰਦੇ ਹਨ। ਪਿਤਾ ਦੀ ਭੂਮਿਕਾ ਨਿਭਾ ਰਹੇ ਗੁਰਪ੍ਰੀਤ ਘੁੱਗੀ ਆਪਣੇ ਬੇਟੇ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦੇ ਹਨ ਪਰ ਬੇਟਾ ਧੋਨੀ-ਭੱਜੀ ਵਾਂਗ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਕਰਕੇ ਉਹ ਪੜ੍ਹਾਈ 'ਚ ਜ਼ੀਰੋ ਹੈ। ਦੂਜੇ ਪਾਸੇ ਪਿਤਾ ਦੀ ਆਰਥਿਕ ਹਾਲਤ ਵੀ ਕਮਜ਼ੋਰ ਦਿਖਾਈ ਗਈ ਹੈ। ਪਿਤਾ ਆਪਣੇ ਬੇਟੇ ਦੀ ਪੜ੍ਹਾਈ ਲਈ ਕਰਜ਼ਾ ਚੁੱਕ ਰਿਹਾ ਹੈ ਪਰ ਬੇਟਾ ਪੜ੍ਹਾਈ 'ਚ ਸੀਰੀਅਸ ਹੀ ਨਹੀਂ ਹੈ। ਹੁਣ ਫਿਲਮ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦੇ ਅੰਤ 'ਚ ਇਕ ਪਿਤਾ ਦੇ ਸੁਪਨੇ ਪੂਰੇ ਹੁੰਦੇ ਹਨ ਜਾਂ ਬੇਟੇ ਦੀ ਚਾਹਤ।