ਜਲੰਧਰ (ਬਿਊਰੋ)— ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਤੀਜਾ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ 'ਚ ਗੁਰਪ੍ਰੀਤ ਘੁੱਗੀ ਦੇ ਨਾਲ ਦਮਨਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ, ਜੋ ਫਿਲਮ 'ਚ ਮਨਜੀਤ ਸਿੰਘ ਯਾਨੀ ਕਿ ਗੁਰਪ੍ਰੀਤ ਘੁੱਗੀ ਦੇ ਬੇਟੇ ਦੀ ਭੂਮਿਕਾ 'ਚ ਹੈ। ਪੋਸਟਰ 'ਚ ਗੁਰਪ੍ਰੀਤ ਘੁੱਗੀ ਸਕੂਟਰ 'ਤੇ ਬੈਠੇ ਹਨ, ਜਿਸ ਨੂੰ ਦਮਨਪ੍ਰੀਤ ਸਿੰਘ ਧੱਕਾ ਲਗਾ ਰਹੇ ਹਨ। ਫਿਲਮ ਦੇ ਹੁਣ ਤਕ ਤਿੰਨ ਪੋਸਟਰ ਸਾਹਮਣੇ ਆ ਚੁੱਕੇ ਹਨ ਤੇ ਟਰੇਲਰ ਵੀ ਕੁਝ ਦਿਨਾਂ ਅੰਦਰ ਰਿਲੀਜ਼ ਹੋਣ ਜਾ ਰਿਹਾ ਹੈ।
'ਸੰਨ ਆਫ ਮਨਜੀਤ ਸਿੰਘ' ਆਮ ਪੰਜਾਬੀ ਫਿਲਮਾਂ ਤੋਂ ਹੱਟ ਕੇ ਬਣਾਈ ਗਈ ਹੈ, ਜਿਸ 'ਚ ਸਮਾਜਿਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਇਸ ਦੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ।
ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ। 'ਸੰਨ ਆਫ ਮਨਜੀਤ ਸਿੰਘ' ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ ਤੇ ਇਸ ਨੂੰ ਪ੍ਰੋਡਿਊਸ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 12 ਅਕਤੂਬਰ, 2018 ਨੂੰ ਰਿਲੀਜ਼ ਹੋਵੇਗੀ।