ਮੁੰਬਈ (ਬਿਊਰੋ)— ਹਾਲ ਹੀ 'ਚ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਊਂਟ 'ਤੇ ਆਪਣੇ ਬੇਟੇ ਰਣਵੀਰ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤਾ ਹੈ। ਇਸ ਪੋਸਟ 'ਚ ਸੋਨਾਲੀ ਨੇ ਆਪਣੇ ਬੇਟੇ ਰਣਵੀਰ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''12 ਸਾਲ 11 ਮਹੀਨੇ ਅਤੇ 8 ਦਿਨਾਂ ਪਹਿਲਾਂ ਜਦੋਂ ਇਹ ਪੈਦਾ ਹੋਇਆ, ਉਸੇ ਸਮੇਂ ਤੋਂ ਮੇਰੇ ਦਿਲ ਦਾ ਟੁੱਕੜਾ ਬਣ ਗਿਆ। ਮੈਂ ਅਤੇ ਗੋਲਡੀ (ਪਤੀ) ਨੇ ਉਸ ਦੀ ਹਰ ਖੁਸ਼ੀ ਦਾ ਖਿਆਲ ਰੱਖਿਆ ਪਰ ਹੁਣ ਜਦੋਂ ਉਸ ਨੂੰ ਸਭ ਤੋਂ ਵੱਡੀ ਖਬਰ ਦੱਸਣ ਦਾ ਸਮਾਂ ਆਇਆ ਤਾਂ ਅਸੀਂ ਡਰ ਗਏ।
ਅਸੀਂ ਉਸ ਤੋਂ ਕੁਝ ਲੁਕਾਉਣਾ ਨਹੀਂ ਚਾਹੁੰਦੇ ਸੀ। ਅਸੀਂ ਉਸ ਨੂੰ ਦੱਸਿਆ ਅਤੇ ਉਸ ਨੇ ਬੇਹੱਦ ਸਮਝਦਾਰੀ ਨਾਲ ਇਸ ਖਬਰ ਨੂੰ ਹੈਂਡਲ ਕੀਤਾ। ਇੱਥੋਂ ਤੱਕ ਕਿ ਮੈਨੂੰ ਵੀ ਸੰਭਾਲਿਆ। ਹੁਣ ਮੈਂ ਰਣਵੀਰ ਨਾਲ ਸਮਾਂ ਬਿਤਾ ਰਹੀ ਹਾਂ ਕਿਉਂਕਿ ਉਸ ਦੇ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਉਹ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਮੈਨੂੰ ਜ਼ਰੂਰਤ ਹੈ। ਉਸ ਦੀਆਂ ਪਾਗਲਾਂ ਵਾਲੀਆਂ ਹਰਕਤਾਂ (ਸ਼ਰਾਰਤਾਂ) ਮੈਨੂੰ ਠੀਕ ਹੋਣ 'ਚ ਮਦਦ ਕਰ ਰਹੀਆਂ ਹਨ।''
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਬੀਤੇ ਬੁੱਧਵਾਰ (4 ਜੁਲਾਈ) ਨੂੰ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਹਾਈ ਗ੍ਰੇਡ ਕੈਂਸਰ ਹੈ, ਜੋ ਕਿ ਆਖਰੀ ਸਟੇਜ 'ਤੇ ਹੈ। ਸੋਨਾਲੀ ਫਿਲਹਾਲ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਚਣ ਦੀ ਹਾਲੇ ਵੀ ਪੂਰੀ ਉਮੀਦ ਹੈ। ਇਸ ਖਬਰ ਤੋਂ ਬਾਅਦ ਬਾਲੀਵੁੱਡ ਤੇ ਸੋਨਾਲੀ ਦੇ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।